ਸਪੋਰਟਸ ਡੈਸਕ- ਭਾਰਤੀ ਬੱਲੇਬਾਜ਼ਾਂ ਨੂੰ ਆਫ ਸਪਿਨਰ ਸਾਈਮਨ ਹਾਰਮਰ ਅਤੇ ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਦੇ ਖਤਰੇ ਨਾਲ ਨਜਿੱਠਣ 'ਚ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਮੈਚ ਵਰਗੀਆਂ ਸਥਿਤੀਆਂ ਦੌਰਾਨ ਮੰਗਲਵਾਰ ਨੂੰ ਈਡਨ ਗਾਰਡਨਜ਼ 'ਚ ਇਕ ਅਣਕਿਆਸੇ ਗੇਂਦਬਾਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਬੰਗਾਲ ਦੇ ਸਪਿਨਰ ਕੌਸ਼ਿਕ ਮੈਤੀ, ਜੋ ਦੋਵੇਂ ਹੱਥਾਂ ਨਾਲ ਗੇਂਦਬਾਜ਼ੀ ਕਰ ਸਕਦੇ ਹਨ, ਨੇ ਇੱਕ ਵਿਕਲਪਿਕ ਅਭਿਆਸ ਸੈਸ਼ਨ ਦੌਰਾਨ ਦੋਵੇਂ ਭੂਮਿਕਾਵਾਂ ਆਸਾਨੀ ਨਾਲ ਨਿਭਾਈਆਂ।
ਸਾਈਅਦ ਮੁਸ਼ਤਾਕ ਅਲੀ ਟਰਾਫੀ 'ਚ ਬੰਗਾਲ ਦੀ ਨੁਮਾਇੰਦਗੀ ਕਰ ਚੁੱਕੇ 26 ਸਾਲਾ ਮੈਤੀ ਨੇ ਬਿਨਾਂ ਕਿਸੇ ਮੁਸ਼ਕਿਲ ਦੇ ਆਪਣਾ ਅੰਦਾਜ਼ ਬਦਲਿਆ ਅਤੇ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਆਫ ਸਪਿਨਰ ਅਤੇ ਸੱਜੇ ਹੱਥ ਦੇ ਬੱਲੇਬਾਜ਼ਾਂ ਨੂੰ ਖੱਬੇ ਹੱਥ ਦੀ ਸਪਿਨ ਗੇਂਦਬਾਜ਼ੀ ਕੀਤੀ। ਚੋਟੀ ਦੇ ਪਹਿਲੇ ਡਿਵੀਜ਼ਨ ਕਲੱਬ ਕਾਲੀਘਾਟ ਲਈ ਖੇਡਣ ਵਾਲੇ ਮੈਤੀ ਨੇ ਕਿਹਾ ਕਿ ਇਹ ਭਾਰਤੀ ਟੀਮ ਦੇ ਨੈੱਟ 'ਤੇ ਗੇਂਦਬਾਜ਼ੀ ਦਾ ਮੇਰਾ ਪਹਿਲਾ ਅਨੁਭਵ ਸੀ। ਹਾਲਾਂਕਿ, ਮੈਂ ਈਡਨ ਗਾਰਡਨਜ਼ 'ਚ ਮੁਕਾਬਲਿਆਂ ਦੌਰਾਨ ਵੱਖ-ਵੱਖ ਫ੍ਰੈਂਟਾਇਜ਼ੀ ਲਈ ਆਈ.ਪੀ.ਐੱਲ. ਨੈੱਟ ਸੈਸ਼ਨ 'ਚ ਗੇਂਦਬਾਜ਼ੀ ਕੀਤੀ ਹੈ। ਅੱਜ, ਮੈਂ ਸਾਈ ਸੁਦਰਸ਼ਨ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ ਅਤੇ ਦੇਵਦੱਤ ਪਡਿੱਕਲ ਨੂੰ ਆਫ ਸਪਿਨ ਗੇਂਦਬਾਜ਼ੀ ਕੀਤੀ। ਮੈਂ ਧਰੁਵ ਜੁਰੇਲ ਨੂੰ ਖੱਬੇ ਹੱਥ ਦੀ ਸਪਿਨ ਗੇਂਦਬਾਜ਼ੀ ਕੀਤੀ।"
Credit : www.jagbani.com