Online Payments ਲੈਣ ਵਾਲੇ ਦੁਕਾਨਦਾਰ ਸਾਵਧਾਨ! ਨਹੀਂ ਤਾਂ ਪੈ ਸਕਦੈ ਪਛਤਾਉਣਾ

Online Payments ਲੈਣ ਵਾਲੇ ਦੁਕਾਨਦਾਰ ਸਾਵਧਾਨ! ਨਹੀਂ ਤਾਂ ਪੈ ਸਕਦੈ ਪਛਤਾਉਣਾ

ਲੁਧਿਆਣਾ: ਡਿਜੀਟਲ ਇੰਡੀਆ ਦੇ ਦੌਰ ਵਿਚ ਜਿੱਥੇ ਆਨਲਾਈਨ ਪੇਮੈਂਟਸ ਕਰਨਾ ਆਸਾਨ ਹੋਇਆ ਹੈ, ਉੱਥੇ ਹੀ ਸ਼ਾਤਰ ਠੱਗਾਂ ਨੇ ਵੀ ਠੱਗੀ ਦੇ ਨਵੇਂ-ਨਵੇਂ ਰਸਤੇ ਕੱਢ ਲਏ ਹਨ। ਤਾਜ਼ਾ ਮਾਮਲਾ ਲੁਧਿਆਣਾ ਦੀ ਕੇਸਰ ਗੰਜ ਮੰਡੀ ਦੀ ਮਸ਼ਹੂਰ 'ਮਾਧਵ ਰਾਘਵ ਡਰਾਈ ਫਰੂਟ ਐਂਡ ਕਰਿਆਨਾ ਸ਼ਾਪ' ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਾਤਰ ਠੱਗ ਨੇ ਨਾ ਸਿਰਫ਼ ਦੁਕਾਨਦਾਰ ਦਾ ਭਰੋਸਾ ਜਿੱਤਿਆ, ਸਗੋਂ ਆਪਣੀਆਂ ਮਿੱਠੀਆਂ ਗੱਲਾਂ ਅਤੇ ਫਰਜ਼ੀ ਤਕਨੀਕ ਦੇ ਜਾਲ ਵਿਚ ਫਸਾ ਕੇ ਕਰੀਬ 8500 ਰੁਪਏ ਦੇ ਕੀਮਤੀ ਡਰਾਈ ਫਰੂਟਸ ਲੈ ਕੇ ਰਫੂਚੱਕਰ ਹੋ ਗਿਆ। 

ਇਹ ਪੂਰੀ ਵਾਰਦਾਤ 2 ਫਰਵਰੀ ਦੀ ਦੁਪਹਿਰ ਕਰੀਬ 4 ਵਜੇ ਦੀ ਹੈ। ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮ ਇਕ ਬਾਈਕ 'ਤੇ ਸਵਾਰ ਹੋ ਕੇ ਆਇਆ ਸੀ। ਦੁਕਾਨ ਵਿਚ ਵੜਦਿਆਂ ਹੀ ਉਸ ਨੇ ਖੁਦ ਨੂੰ ਇਕ ਪੁਰਾਣਾ ਅਤੇ ਵਫਾਦਾਰ ਗਾਹਕ ਦੱਸਿਆ। ਠੱਗ ਇੰਨਾ ਸ਼ਾਤਰ ਸੀ ਕਿ ਉਸ ਨੇ ਦੁਕਾਨਦਾਰ ਨਾਲ ਰੇਟ ਘੱਟ ਕਰਾਉਣ ਨੂੰ ਲੈ ਕੇ ਕਾਫੀ ਦੇਰ ਤੱਕ ਮੋਲਭਾਵ ਵੀ ਕੀਤੀ, ਤਾਂ ਜੋ ਕਿਸੇ ਨੂੰ ਜ਼ਰਾ ਵੀ ਸ਼ੱਕ ਨਾ ਹੋਵੇ ਕਿ ਉਹ ਠੱਗੀ ਦੇ ਇਰਾਦੇ ਨਾਲ ਆਇਆ ਹੈ। ਕਰੀਬ 15 ਮਿੰਟ ਤੱਕ ਦੁਕਾਨ ਵਿਚ ਰੁਕ ਕੇ ਉਸ ਨੇ ਬੜੇ ਆਰਾਮ ਨਾਲ ਨੌਕਰ ਤੋਂ ਪਾਣੀ ਮੰਗਿਆ ਅਤੇ ਆਪਣੀਆਂ ਗੱਲਾਂ ਦੇ ਜਾਲ ਵਿਚ ਸਭ ਨੂੰ ਉਲਝਾਈ ਰੱਖਿਆ।

ਠੱਗ ਨੇ ਬੜੇ ਸਲੀਕੇ ਨਾਲ 2 ਕਿੱਲੋ ਕਾਜੂ, 2 ਕਿੱਲੋ ਬਾਦਾਮ, 2 ਕਿੱਲੋ ਪਿਸਤਾ ਅਤੇ 2 ਕਿੱਲੋ ਅੰਜੀਰ ਪੈਕ ਕਰਵਾਈ। ਜਦੋਂ ਕਰੀਬ 8500 ਰੁਪਏ ਦਾ ਬਿੱਲ ਬਣਿਆ, ਤਾਂ ਉਸ ਨੇ ਆਪਣੇ ਮੋਬਾਈਲ ਵਿਚ ਇਕ ਫਰਜ਼ੀ ਐਪ ਰਾਹੀਂ 'ਪੇਮੈਂਟ ਸਕਸੈਸਫੁੱਲ' ਦਾ ਸਕ੍ਰੀਨਸ਼ਾਟ ਤਿਆਰ ਕੀਤਾ ਅਤੇ ਦੁਕਾਨ ਦੇ ਕਰਮਚਾਰੀ ਨੂੰ ਦਿਖਾ ਦਿੱਤਾ। ਕਰਮਚਾਰੀ ਨੇ ਸਕ੍ਰੀਨਸ਼ਾਟ 'ਤੇ ਭਰੋਸਾ ਕਰ ਲਿਆ ਅਤੇ ਉਸ ਨੂੰ ਸਾਮਾਨ ਲੈ ਜਾਣ ਦਿੱਤਾ। ਠੱਗ ਦੇ ਜਾਣ ਤੋਂ ਕਾਫੀ ਦੇਰ ਬਾਅਦ ਜਦੋਂ ਮਾਲਕ ਨੇ ਆਪਣਾ ਬੈਂਕ ਖਾਤਾ ਚੈੱਕ ਕੀਤਾ, ਤਾਂ ਉਸ ਦੇ ਹੋਸ਼ ਉੱਡ ਗਏ ਕਿਉਂਕਿ ਖਾਤੇ ਵਿਚ ਇਕ ਰੁਪਿਆ ਵੀ ਨਹੀਂ ਆਇਆ ਸੀ। ਜਦੋਂ ਉਸ ਨੇ ਸੀ.ਸੀ.ਟੀ.ਵੀ. ਚੈੱਕ ਕੀਤਾ ਤਾਂ ਦੁਕਾਨ ਵਿਚ ਲੱਗੇ ਕੈਮਰਿਆਂ ਨੇ ਇਸ ਪੂਰੀ 'ਡਿਜੀਟਲ ਲੁੱਟ' ਦੀ ਪੋਲ ਖੋਲ੍ਹ ਦਿੱਤੀ ਹੈ। ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਮੁਲਜ਼ਮ ਨੇ ਕਿਸ ਤਰ੍ਹਾਂ ਬੜੀ ਚਲਾਕੀ ਨਾਲ ਭੁਗਤਾਨ ਦਾ ਨਾਟਕ ਕੀਤਾ ਅਤੇ ਸਾਮਾਨ ਲੈ ਕੇ ਫ਼ਰਾਰ ਹੋ ਗਿਆ। 

ਪੀੜਤ ਦੁਕਾਨਦਾਰ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਹੁਣ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਉਸ ਫਰਜ਼ੀ 'ਪੁਰਾਣੇ ਗਾਹਕ' ਦੀ ਤਲਾਸ਼ ਵਿਚ ਜੁੱਟ ਗਈ ਹੈ। ਇਸ ਘਟਨਾ ਨੇ ਇਕ ਵਾਰ ਫਿਰ ਵਪਾਰੀਆਂ ਨੂੰ ਸਾਵਧਾਨ ਕਰ ਦਿੱਤਾ ਹੈ ਕਿ ਬਿਨਾਂ ਮੈਸੇਜ ਅਤੇ ਬੈਂਕ ਅਕਾਊਂਟ ਚੈੱਕ ਕੀਤੇ ਕਿਸੇ ਵੀ ਸਕ੍ਰੀਨਸ਼ਾਟ 'ਤੇ ਭਰੋਸਾ ਕਰਨਾ ਭਾਰੀ ਪੈ ਸਕਦਾ ਹੈ।

Credit : www.jagbani.com

  • TODAY TOP NEWS