ਡੇਰਾ ਬਿਆਸ ਮੁਖੀ 'ਤੇ ਟਿੱਪਣੀ ਕਰਨ ਦੀ ਬਜਾਏ ਸਟੇਟ ਸਾਂਭਣ CM ਮਾਨ: ਪ੍ਰਤਾਪ ਬਾਜਵਾ

ਡੇਰਾ ਬਿਆਸ ਮੁਖੀ 'ਤੇ ਟਿੱਪਣੀ ਕਰਨ ਦੀ ਬਜਾਏ ਸਟੇਟ ਸਾਂਭਣ CM ਮਾਨ: ਪ੍ਰਤਾਪ ਬਾਜਵਾ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨਾਲ ਜੇਲ੍ਹ 'ਚ ਮੁਲਾਕਾਤ ਕਰਨ ਨੂੰ ਲੈ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਅਸਿੱਧੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ 'ਤੇ ਬਿਆਨ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਦੇ ਇਸ ਬਿਆਨ ਖ਼ਿਲਾਫ਼ ਉਤਰ ਆਏ ਹਨ ਅਤੇ ਇਸ ਬਿਆਨ ਦੀ ਬਾਜਵਾ ਵਲੋਂ ਸਖ਼ਤ ਸ਼ਬਦਾਂ 'ਚ ਨਿਖ਼ੇਧੀ ਕੀਤੀ ਗਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਪੰਜਾਬੀ ਵਿਰਸੇ ਅਤੇ ਸੰਤਾਂ ਦੀ ਮਰਿਆਦਾ ਦੇ ਖ਼ਿਲਾਫ਼ ਦੱਸਿਆ ਹੈ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ "ਸਟੇਜ ਛੱਡ ਕੇ ਸਟੇਟ ਸੰਭਾਲਣ" ਦੀ ਸਲਾਹ ਦਿੱਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ''ਐਕਸ'' (ਟਵਿੱਟਰ) ਅਕਾਊਂਟ 'ਤੇ ਲਿਖਿਆ ਸੀ, "ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਉਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ"। ਪ੍ਰਤਾਪ ਸਿੰਘ ਬਾਜਵਾ ਨੇ ਇਸ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਸਾਡੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ''ਐਕਸ'' ਅਕਾਊਂਟ ’ਤੇ ਲਿਖਿਆ ਗਿਆ ''ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਉਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ'' ਇਹ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਉਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹੋ ਰਹੀ ਚਰਚਾ ਅਤੇ ਅੱਜ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਨੂੰ ਪੜ੍ਹ ਕੇ ਤੇ ਸੁਣ ਕੇ ਮੇਰੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਭਾਸ਼ਾ ਪੰਜਾਬ ਦੇ ਇਤਿਹਾਸ 'ਚ ਕਿਸੇ ਮੁੱਖ ਮੰਤਰੀ ਨੇ ਕਦੇ ਨਹੀਂ ਵਰਤੀ।

PunjabKesari

ਬਾਜਵਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ’ਤੇ ਬੋਲਣ ਤੋਂ ਪਹਿਲਾਂ ਮੈਂ ਸਮੂਹ ਸੰਗਤਾਂ ਦੇ ਧਿਆਨ 'ਚ ਇਹ ਗੱਲ ਲਿਆਉਣਾ ਚਾਹੁੰਦਾ ਹਾਂ ਕਿ ਜਿਵੇਂ ਅਸੀਂ ਸਭ ਜਾਣਦੇ ਹਾਂ, ਇਹ ਸਾਡਾ ਪੰਜਾਬੀ ਵਿਰਸਾ ਨਹੀਂ ਹੈ ਅਤੇ ਨਾ ਹੀ ਇਤਿਹਾਸ ਵਿੱਚ ਕਿਤੇ ਅਜਿਹੀ ਕੋਈ ਉਦਾਹਰਣ ਮਿਲਦੀ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਸੇ ਸੰਤ ਮਹਾਂਪੁਰਸ਼ਾਂ ਬਾਰੇ ਅਜਿਹੀ ਟਿੱਪਣੀ ਕੀਤੀ ਗਈ ਹੋਵੇ। ਪੰਜਾਬੀ ਸਦਾ ਹੀ ਆਪਣੇ ਗੁਰੂਆਂ, ਪੀਰ-ਪੈਗੰਬਰਾਂ, ਸਾਧੂ-ਸੰਤਾਂ ਅਤੇ ਮਹਾਂਪੁਰਸ਼ਾਂ ਦਾ ਸਤਿਕਾਰ ਕਰਦੇ ਆਏ ਹਨ। ਗੁਰਬਾਣੀ ਵਿੱਚ ਸੰਤਾਂ, ਸਾਧਾਂ ਅਤੇ ਬ੍ਰਹਮਗਿਆਨੀਆਂ ਦੀ ਮਹਾਨਤਾ ਬਹੁਤ ਉੱਚੇ ਰੂਪ ਵਿੱਚ ਦਰਸਾਈ ਗਈ ਹੈ। ਉਹ ਪ੍ਰਮਾਤਮਾ ਨਾਲ ਇੱਕਮਿਕ ਹੁੰਦੇ ਹਨ। ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ ਵਿੱਚ ਸੰਤ ਦੀ ਮਹਿਮਾ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਪ੍ਰਭੂ ਦਾ ਰੂਪ ਮੰਨਿਆ ਗਿਆ ਹੈ। ਸੰਤ ਉਹ ਹਨ, ਜੋ ਨਾਮ ਜਪਦੇ ਹਨ, ਸੇਵਾ ਕਰਦੇ ਹਨ ਅਤੇ ਮਨੁੱਖ ਨੂੰ ਅਕਾਲ ਪੁਰਖ ਨਾਲ ਜੋੜਦੇ ਹਨ।
ਗੁਰਬਾਣੀ ਵਿੱਚ ਸੰਤਾਂ ਦੀ ਵਡਿਆਈ ਇਸ ਪ੍ਰਕਾਰ ਕੀਤੀ ਗਈ ਹੈ।
ਨਾਮ ਕੀ ਮਹਿਮਾ ਸੰਤ ਰਿਦ ਵਸੈ॥
ਸੰਤ ਪ੍ਰਤਾਪਿ ਦੁਰਤੁ ਸਭੁ ਨਸੈ॥
ਸੰਤ ਕਾ ਸੰਗੁ ਵਡਭਾਗੀ ਪਾਈਐ॥
ਸੰਤ ਕੀ ਸੇਵਾ ਨਾਮੁ ਧਿਆਈਐ॥

ਮੈਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਸਮੂਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਮੰਤਰੀ, ਵਿਧਾਇਕ, ਐੱਮ. ਪੀ ਅਤੇ ਵਿਸ਼ੇਸ਼ ਤੌਰ ’ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਮੰਤਰੀ ਹਰਜੋਤ ਸਿੰਘ ਬੈਂਸ, ਐੱਮ. ਪੀ. ਸ੍ਰੀ ਆਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ, ਮੁੱਖ ਬੁਲਾਰੇ ਕੁਲਦੀਪ ਧਾਲੀਵਾਲ, ਐੱਮ. ਐੱਲ. ਏ. ਦੇਵ ਮਾਨ ਅਤੇ ਹੋਰ ਉਹ ਆਗੂ ਜੋ ਡੇਰਾ ਬਿਆਸ ਦੇ ਪੈਰੋਕਾਰ ਅਤੇ ਪ੍ਰੇਮੀ ਹਨ, ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਪੰਜਾਬ ਦੇ ਸਾਢੇ ਤਿੰਨ ਕਰੋੜ ਲੋਕਾਂ ਅਤੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਡੇਰਾ ਬਿਆਸ ਦੇ ਪੈਰੋਕਾਰਾਂ ਤੇ ਸ਼ਰਧਾਲੂਆਂ ਨੂੰ ਇਹ ਸਪੱਸ਼ਟ ਕਰਨਗੇ ਕਿ ਕੀ ਇਹ ਉਨ੍ਹਾਂ ਦੀ ਪਾਰਟੀ ਦੀ ਅਧਿਕਾਰਿਕ ਲਾਈਨ ਹੈ ਜਾਂ ਸਿਰਫ਼ ਭਗਵੰਤ ਮਾਨ ਦਾ ਨਿੱਜੀ ਵਿਚਾਰ, ਜੋ ਉਨ੍ਹਾਂ ਦੇ ਨਿੱਜੀ ਐਕਸ ਅਕਾਊਂਟ ’ਤੇ ਪ੍ਰਗਟ ਕੀਤਾ ਗਿਆ ਹੈ? ਇਸ ਬਾਰੇ ਆਮ ਆਦਮੀ ਪਾਰਟੀ ਦਾ ਸਟੈਂਡ ਲੋਕਾਂ ਦੇ ਸਾਹਮਣੇ ਸਾਫ਼ ਹੋਣਾ ਚਾਹੀਦਾ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS