ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸੂਬੇ ਵਿਚ ਲੋਕਤੰਤਰਕ ਮੁੱਲਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਹੁਣ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ। 'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਸਰਕਾਰ ਵੱਲੋਂ 'ਜਗ ਬਾਣੀ' ਨਾਲ ਕੀਤਾ ਜਾ ਰਿਹਾ ਧੱਕਾ ਸਿਰਫ਼ ਇਕ ਅਖ਼ਬਾਰ ’ਤੇ ਨਹੀਂ, ਸਗੋਂ ਪੂਰੇ ਮੀਡੀਆ ਅਤੇ ਲੋਕਤੰਤਰ ’ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ 'ਜਗ ਬਾਣੀ' ਨੇ ਹਮੇਸ਼ਾ ਸੱਚ ਦੀ ਆਵਾਜ਼ ਬਣ ਕੇ ਸਰਕਾਰਾਂ ਨੂੰ ਸ਼ੀਸ਼ਾ ਵਿਖਾਇਆ ਹੈ ਅਤੇ ਅੱਜ ਜਦੋਂ ਇਹੀ ਅਖ਼ਬਾਰ ਸਰਕਾਰ ਦੀਆਂ ਖਾਮੀਆਂ ਨੂੰ ਜੱਗ ਜਾਹਿਰ ਕਰ ਰਿਹਾ ਹੈ, ਤਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਪੂਰੀ ਤਰ੍ਹਾਂ ਸੁਤੰਤਰ ਹੈ ਅਤੇ ਉਸ ਦਾ ਕੰਮ ਹੀ ਇਹ ਹੈ ਕਿ ਉਹ ਸਰਕਾਰ ਦੀਆਂ ਗਲਤੀਆਂ, ਨਾਕਾਮੀਆਂ ਅਤੇ ਧੱਕੇਸ਼ਾਹੀ ਨੂੰ ਲੋਕਾਂ ਸਾਹਮਣੇ ਲਿਆਵੇ।
ਪੰਜਾਬ ‘ਪੁਲਸ ਸਟੇਟ’ ਵੱਲ ਧੱਕਿਆ ਜਾ ਰਿਹਾ
ਬਿਕਰਮ ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਵਿਚ ਐਸਾ ਮਾਹੌਲ ਬਣਾਇਆ ਜਾ ਰਿਹਾ ਹੈ ਜਿੱਥੇ ਆਲੋਚਨਾ ਸਹਿਣ ਦੀ ਸਮਰੱਥਾ ਲਗਭਗ ਖਤਮ ਹੋ ਚੁੱਕੀ ਹੈ। ਜਦੋਂ ਇਕ ਖ਼ਬਰ ਲਗਾਉਣ ’ਤੇ ਪੱਤਰਕਾਰ ’ਤੇ ਪਰਚਾ ਦਰਜ ਹੋ ਜਾਵੇ, ਜਦੋਂ ਸਰਕਾਰ ਨੂੰ ਸਵਾਲ ਪੁੱਛਣ ਵਾਲਿਆਂ ਨੂੰ ਡਰਾਇਆ ਜਾਵੇ, ਤਾਂ ਇਹ ਲੋਕਤੰਤਰ ਨਹੀਂ ਰਹਿੰਦਾ, ਇਹ ਪੁਲਸ ਸਟੇਟ ਦੇ ਲੱਛਣ ਹੁੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਮੀਡੀਆ ਅਤੇ ਵਿਰੋਧੀ ਆਵਾਜ਼ਾਂ ਨੂੰ ਕੁਚਲਣਾ ਚਾਹੁੰਦੀ ਹੈ। ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ—ਚਾਹੇ ਉਹ ਕਾਨੂੰਨ-ਵਿਵਸਥਾ ਹੋਵੇ, ਨਸ਼ਿਆਂ ਦਾ ਮੁੱਦਾ ਹੋਵੇ, ਰੁਜ਼ਗਾਰ ਹੋਵੇ ਜਾਂ ਵਿੱਤੀ ਹਾਲਾਤ। ਇਸ ਲਈ ਹੁਣ ਸਵਾਲ ਪੁੱਛਣ ਵਾਲਿਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ।
'ਜਗ ਬਾਣੀ' ਸੱਚ ਦੀ ਆਵਾਜ਼, ਉਸ ਨੂੰ ਦਬਾਇਆ ਨਹੀਂ ਜਾ ਸਕਦਾ
ਮਜੀਠੀਆ ਨੇ ਕਿਹਾ ਕਿ 'ਜਗ ਬਾਣੀ' ਪੰਜਾਬ ਦੀ ਆਵਾਜ਼ ਹੈ ਅਤੇ ਇਹ ਅਖ਼ਬਾਰ ਸਦਾ ਹੀ ਲੋਕਾਂ ਦੇ ਹੱਕਾਂ ਲਈ ਖੜਾ ਰਿਹਾ ਹੈ। “ਜਗ ਬਾਣੀ ਨਾਲ ਸਰਕਾਰ ਧੱਕਾ ਕਰ ਰਹੀ ਹੈ ਕਿਉਂਕਿ ਜਗਬਾਣੀ ਝੁਕਦਾ ਨਹੀਂ। ਇਹ ਸੱਚ ਲਿਖਦਾ ਹੈ, ਸਵਾਲ ਪੁੱਛਦਾ ਹੈ ਅਤੇ ਇਹੀ ਗੱਲ ਸਰਕਾਰ ਨੂੰ ਚੁੱਭ ਰਹੀ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ’ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਸਵੀਕਾਰਯੋਗ ਨਹੀਂ ਹੈ।
ਗੁਰਬਾਣੀ ਨੇ ਸਦਾ ਜ਼ੁਲਮ ਦੇ ਖ਼ਿਲਾਫ਼ ਰਸਤਾ ਵਿਖਾਇਆ
ਸਾਬਕਾ ਮੰਤਰੀ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਤਾਨਾਸ਼ਾਹੀ ਅਤੇ ਜ਼ੁਲਮ ਦੇ ਖ਼ਿਲਾਫ਼ ਡਟ ਕੇ ਮੁਕਾਬਲਾ ਕੀਤਾ। ਸਾਨੂੰ ਗੁਰੂ ਸਾਹਿਬ ਤੋਂ ਇਹੀ ਗੁੜਤੀ ਮਿਲੀ ਹੈ ਕਿ ਧੱਕੇਸ਼ਾਹੀ ਦੇ ਅੱਗੇ ਝੁਕਣਾ ਨਹੀਂ। ਅੱਜ ਜੇ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ, ਤਾਂ ਉਸਦੇ ਖ਼ਿਲਾਫ਼ ਆਵਾਜ਼ ਉਠਾਉਣਾ ਸਾਡਾ ਫਰਜ਼ ਹੈ। ਮਜੀਠੀਆ ਨੇ ਕਿਹਾ ਕਿ ਪ੍ਰੈੱਸ ਅਤੇ ਲੋਕਤੰਤਰ ਇਕ-ਦੂਜੇ ਦੇ ਪੂਰਕ ਹਨ। ਜੇ ਪ੍ਰੈੱਸ ਨੂੰ ਡਰਾਇਆ ਜਾਵੇਗਾ, ਤਾਂ ਲੋਕਾਂ ਦੀ ਆਵਾਜ਼ ਦਬ ਜਾਵੇਗੀ ਅਤੇ ਇਹ ਹਾਲਾਤ ਪੰਜਾਬ ਵਰਗੇ ਬਾਰਡਰ ਸਟੇਟ ਲਈ ਬਹੁਤ ਖ਼ਤਰਨਾਕ ਹਨ।
Credit : www.jagbani.com