ਜਲੰਧਰ/ਕਪੂਰਥਲਾ (ਵੈੱਬ ਡੈਸਕ)- ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 'ਤੇ ਮੀਡੀਆ ਕੰਟਰੈਕਟਸ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਦਿਆਂ ਪੁੱਛਿਆ ਕਿ ਮੁੰਬਈ ਦੀਆਂ ਦੋ ਨਿੱਜੀ ਕੰਪਨੀਆਂ ਨੂੰ ਮਾਸ ਮੀਡੀਆ ਕਾਰਕੁਨਾਂ, ਕੌਨਟੈਂਟ ਅਤੇ ਡਿਜ਼ਾਈਨ ਤਿਆਰ ਕਰਨ ਲਈ 16 ਕਰੋੜ ਰੁਪਏ ਦੇ ਠੇਕੇ ਕਿਉਂ ਦਿੱਤੇ ਗਏ ਹਨ? ਖਹਿਰ ਨੇ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ।
ਖਹਿਰਾ ਨੇ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਦੇ ਕਿਹਾ ਕਿ ਪੰਜਾਬ ਦੇ ਲੋਕ ਸੰਪਰਕ ਵਿਭਾਗ 'ਚ ਪਹਿਲਾਂ ਹੀ ਸੈਂਕੜੇ ਪੇਸ਼ੇਵਰ ਕਰਮਚਾਰੀ ਮੌਜੂਦ ਹਨ, ਜੋ ਅਜਿਹਾ ਕੰਮ ਕਰਨ ਦੇ ਸਮਰੱਥ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਵਿਭਾਗ ਕੋਲ ਆਪਣਾ ਸਟਾਫ਼ ਹੈ ਤਾਂ ਬਾਹਰਲੀਆਂ ਕੰਪਨੀਆਂ ਨੂੰ ਇੰਨੀ ਵੱਡੀ ਰਕਮ ਦੇ ਕੇ ਇਹ ਕੰਮ ਕਿਉਂ ਸੌਂਪਿਆ ਗਿਆ?

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀਆਂ ਸਥਾਨਕ ਕੰਪਨੀਆਂ ਦੀ ਅਣਦੇਖੀ ਕਰਨ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕੰਪਨੀਆਂ ਨੂੰ ਛੱਡ ਕੇ ਮੁੰਬਈ ਦੀਆਂ ਕੰਪਨੀਆਂ ਨੂੰ ਤਰਜੀਹ ਦੇਣ ਪਿੱਛੇ ਕੀ ਕਾਰਨ ਹਨ? ਖਹਿਰਾ ਨੇ ਸ਼ੱਕ ਜ਼ਾਹਰ ਕਰਦਿਆਂ ਇਸ ਨੂੰ "ਕਿੱਕਬੈਕ ਕਮਿਸ਼ਨ" ਵਾਲਾ ਇਕ ਹੋਰ ਵੱਡਾ ਘਪਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਤੁਲਨਾ 144 ਟੋਇਟਾ ਹਿਲਕਸ (Toyota Hilux) ਗੱਡੀਆਂ ਦੀ ਖ਼ਰੀਦ ਵਿੱਚ ਹੋਏ ਕਥਿਤ ਘੁਟਾਲੇ ਨਾਲ ਕਰਦਿਆਂ ਮੁੱਖ ਮੰਤਰੀ ਤੋਂ ਇਸ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com