ਅਮਰੀਕਾ 'ਚ 10 ਭਾਰਤੀ ਗ੍ਰਿਫ਼ਤਾਰ ਤੇ 1 ਡਿਪੋਰਟ ! ਕਾਰਾ ਜਾਣ ਤੁਸੀਂ ਵੀ ਰਹਿ ਜਾਓਗੇ ਦੰਗ

ਅਮਰੀਕਾ 'ਚ 10 ਭਾਰਤੀ ਗ੍ਰਿਫ਼ਤਾਰ ਤੇ 1 ਡਿਪੋਰਟ ! ਕਾਰਾ ਜਾਣ ਤੁਸੀਂ ਵੀ ਰਹਿ ਜਾਓਗੇ ਦੰਗ

ਇੰਟਰਨੈਸ਼ਨਲ ਡੈਸਕ- ਅਮਰੀਕਾ, ਜਿੱਥੇ ਪ੍ਰਵਾਸੀਆਂ ਖ਼ਿਲਾਫ਼ ਪਹਿਲਾਂ ਹੀ ਨੀਤੀਆਂ ਕਾਫ਼ੀ ਸਖ਼ਤ ਕਰ ਦਿੱਤੀਆਂ ਗਈਆਂ ਹਨ, ਤੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 11 ਭਾਰਤੀ ਨਾਗਰਿਕਾਂ ਖ਼ਿਲਾਫ਼ ਵੀਜ਼ਾ ਹਾਸਲ ਕਰਨ ਲਈ ਖ਼ਤਰਨਾਕ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਫੈਡਰਲ ਅਧਿਕਾਰੀਆਂ ਅਨੁਸਾਰ, ਇਨ੍ਹਾਂ ਲੋਕਾਂ ਨੇ ਅਮਰੀਕਾ ਵਿੱਚ ਪੱਕੇ ਹੋਣ ਲਈ ਦੁਕਾਨਾਂ ਵਿੱਚ ਫਰਜ਼ੀ ਹਥਿਆਰਬੰਦ ਡਕੈਤੀਆਂ ਕਰਵਾਉਣ ਦਾ ਡਰਾਮਾ ਰਚਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸ਼ੱਕੀ ਵਿਅਕਤੀਆਂ ਨੇ ਮੈਸਾਚੁਸੇਟਸ ਅਤੇ ਹੋਰ ਸੂਬਿਆਂ ਵਿੱਚ ਘੱਟੋ-ਘੱਟ 6 ਦੁਕਾਨਾਂ ਅਤੇ ਰੈਸਟੋਰੈਂਟਾਂ ਵਿੱਚ ਨਕਲੀ ਡਕੈਤੀਆਂ ਨੂੰ ਅੰਜਾਮ ਦਿੱਤਾ। ਇਸ ਪਿੱਛੇ ਮੁੱਖ ਮਕਸਦ ਸੀ ਅਮਰੀਕਾ ਦਾ ਯੂ-ਵੀਜ਼ਾ ਹਾਸਲ ਕਰਨਾ। ਅਮਰੀਕਾ ਵਿੱਚ 'U-ਵੀਜ਼ਾ' ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਕਿਸੇ ਹਿੰਸਕ ਅਪਰਾਧ ਦਾ ਸ਼ਿਕਾਰ ਹੋਏ ਹੋਣ ਅਤੇ ਜਾਂਚ ਵਿੱਚ ਪੁਲਸ ਦੀ ਮਦਦ ਕਰਦੇ ਹੋਣ। ਇਸ ਵੀਜ਼ੇ ਰਾਹੀਂ ਵਿਅਕਤੀ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਅਤੇ ਕੁਝ ਸਾਲਾਂ ਬਾਅਦ ਗ੍ਰੀਨ ਕਾਰਡ ਮਿਲਣ ਦਾ ਰਾਹ ਪੱਧਰਾ ਹੋ ਜਾਂਦਾ ਹੈ।

ਮੁਲਜ਼ਮਾਂ ਨੇ ਦੁਕਾਨ ਦੇ ਕਰਿੰਦਿਆਂ ਨੂੰ 'ਪੀੜਤ' ਦਿਖਾ ਕੇ ਉਨ੍ਹਾਂ ਦੀਆਂ ਵੀਜ਼ਾ ਐਪਲੀਕੇਸ਼ਨਾਂ ਵਿੱਚ ਝੂਠੇ ਦਾਅਵੇ ਕਰਨ ਦੀ ਯੋਜਨਾ ਬਣਾਈ ਸੀ। ਮੁਲਜ਼ਮਾਂ ਦੀ ਪਛਾਣ ਜੀਤਿੰਦਰਕੁਮਾਰ ਪਟੇਲ (39), ਮਹੇਸ਼ਕੁਮਾਰ ਪਟੇਲ (36), ਸੰਜੇਕੁਮਾਰ ਪਟੇਲ (45), ਦੀਪਿਕਾਬੇਨ ਪਟੇਲ (40), ਰਮੇਸ਼ਭਾਈ ਪਟੇਲ (52), ਅਮਿਤਾਬੇਨ ਪਟੇਲ (43), ਰੌਣਕਕੁਮਾਰ ਪਟੇਲ (28), ਸੰਗੀਤਾਬੇਨ ਪਟੇਲ (36), ਮਿੰਕੇਸ਼ ਪਟੇਲ (42), ਸੋਨਲ ਪਟੇਲ (42) ਅਤੇ ਮਿਤੁਲ ਪਟੇਲ (40) ਵਜੋਂ ਹੋਈ ਹੈ। ਇਨ੍ਹਾਂ 'ਚੋਂ ਮੈਸਾਚੁਸੇਟਸ ਵਿੱਚ ਰਹਿ ਰਹੀ ਦੀਪਿਕਾਬੇਨ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ, ਜਦਕਿ ਬਾਕੀਆਂ ਨੂੰ ਮੈਸਾਚੁਸੇਟਸ, ਕੈਂਟਕੀ, ਮਿਸੂਰੀ ਅਤੇ ਓਹਾਇਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਬੋਸਟਨ ਦੀ ਫੈਡਰਲ ਕੋਰਟ ਵਿੱਚ ਪੇਸ਼ ਕੀਤਾ ਗਿਆ।

ਡਿਪਰਟਮੈਂਟ ਆਫ਼ ਜਸਟਿਸ ਅਨੁਸਾਰ ਇਹ ਸਾਜ਼ਿਸ਼ ਮਾਰਚ 2023 ਤੋਂ ਚੱਲ ਰਹੀ ਸੀ। ਜੇਕਰ ਇਨ੍ਹਾਂ ਮੁਲਜ਼ਮਾਂ 'ਤੇ ਲੱਗੇ ਦੋਸ਼ ਸਾਬਤ ਹੁੰਦੇ ਹਨ, ਤਾਂ ਇਨ੍ਹਾਂ ਨੂੰ ਭਾਰੀ ਜੁਰਮਾਨੇ ਅਤੇ ਲੰਬੀ ਕੈਦ ਦੀ ਸਜ਼ਾ ਹੋ ਸਕਦੀ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਇਹ ਮਾਮਲਾ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਨੂੰਨਾਂ ਦੀ ਦੁਰਵਰਤੋਂ ਕਰਨ ਵਾਲਿਆਂ ਲਈ ਇੱਕ ਵੱਡੀ ਚਿਤਾਵਨੀ ਮੰਨਿਆ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS