ਨਵੀਂ ਦਿੱਲੀ/ਚੰਡੀਗੜ੍ਹ- ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਇਕ ਵਾਰ ਫਿਰ ਭਖ ਗਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਆਰ.ਪੀ. ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਸਵਾਲ ਚੁੱਕਿਆ ਹੈ ਕਿ ਕੀ ਮਾਨ ਸਰਕਾਰ ਨਸ਼ਾ ਮਾਫ਼ੀਆ ਨਾਲ ਮਿਲੀ ਹੋਈ ਹੈ?
"ਪਛਾਣ ਗੁਪਤ ਰੱਖਣ ਦੇ ਦਾਅਵੇ ਫੋਕੇ"
ਆਰ.ਪੀ. ਸਿੰਘ ਨੇ 'ਐਕਸ' 'ਤੇ ਕੀਤੀ ਪੋਸਟ 'ਚ ਲਿਖਿਆ ਕਿ ਸਰਕਾਰ ਵਾਰ-ਵਾਰ ਲੋਕਾਂ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਕਹਿੰਦੀ ਹੈ ਅਤੇ ਭਰੋਸਾ ਦਿੰਦੀ ਹੈ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪਰ ਜ਼ਮੀਨੀ ਹਕੀਕਤ ਬਹੁਤ ਖ਼ੌਫ਼ਨਾਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇਕ ਸਾਲ 'ਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿੱਥੇ ਨਸ਼ੇ ਦਾ ਵਿਰੋਧ ਕਰਨ ਵਾਲਿਆਂ 'ਤੇ ਜਾਨਲੇਵਾ ਹਮਲੇ ਹੋਏ।

ਹਮਲਿਆਂ ਦੀ ਲੰਬੀ ਸੂਚੀ
ਉਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਖ਼ੌਫ਼ਨਾਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਘੇਰਿਆ:
11 ਜਨਵਰੀ 2025 (ਬਠਿੰਡਾ): ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਨੂੰ ਭਿਆਨਕ ਸਜ਼ਾ ਦਿੱਤੀ ਗਈ; ਮਾਫ਼ੀਆ ਨੇ 8 ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਜੁਲਾਈ 2025 (ਫਿਰੋਜ਼ਪੁਰ): ਪੁਲਸ ਨੂੰ ਮੁਖ਼ਬਰੀ ਕਰਨ ਦਾ ਦਰਦਨਾਕ ਨਤੀਜਾ; ਇਕ ਪਿੰਡ ਦੇ ਸਰਪੰਚ ਦਾ ਹੱਥ ਵੱਢ ਦਿੱਤਾ ਗਿਆ।
ਸਤੰਬਰ 2025 (ਜਲੰਧਰ): ਨਸ਼ਾ ਤਸਕਰਾਂ ਨੇ ਇਕ ਪੁਲਸ ਹੈਲਪਰ ਨੂੰ ਅਗਵਾ ਕਰਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜੋ ਮੌਤ ਦੇ ਮੂੰਹੋਂ ਮਸਾਂ ਬਚਿਆ।
ਸਤੰਬਰ 2025 (ਲੁਧਿਆਣਾ): ਸ਼ਿਕਾਇਤ ਦਰਜ ਕਰਵਾਉਣ ਵਾਲੇ ਇਕ ਦੁਕਾਨਦਾਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ।
ਨਵੰਬਰ 2025 (ਲੁਧਿਆਣਾ): ਨਸ਼ਾ ਵੇਚਣ ਦੇ ਦਬਾਅ ਦਾ ਵਿਰੋਧ ਕਰਨ ਵਾਲੇ ਇਕ ਨੌਜਵਾਨ 'ਤੇ 20-25 ਹਥਿਆਰਬੰਦ ਬੰਦਿਆਂ ਨੇ ਹਮਲਾ ਕਰ ਦਿੱਤਾ।
ਨਵੰਬਰ 2025 (ਲੁਧਿਆਣਾ): ਨਸ਼ਾ ਸਪਲਾਇਰਾਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਇਕ ਪਰਿਵਾਰ ਦਾ ਘਰ ਸਾੜ ਦਿੱਤਾ ਗਿਆ।
ਹੁਸ਼ਿਆਰਪੁਰ: 'ਚਿੱਟੇ' ਦੇ ਖਿਲਾਫ਼ ਬੋਲਣ ਵਾਲੇ ਇਕ ਨੌਜਵਾਨ ਨੂੰ ਉਸ ਦੇ ਘਰ ਦੇ ਅੰਦਰ ਵੜ ਕੇ ਨਿਸ਼ਾਨਾ ਬਣਾਇਆ ਗਿਆ।
ਫਰਵਰੀ 2026 (ਸੁਲਤਾਨਪੁਰ ਲੋਧੀ): ਨਸ਼ਾ ਤਸਕਰ ਦਾ ਰਾਹ ਰੋਕਣ ਵਾਲੀ ਇਕ ਮਹਿਲਾ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ।
ਮਾਰਚ 2026 (ਮਹਿਤਪੁਰ): ਵਾਰ-ਵਾਰ ਨਸ਼ਿਆਂ ਦੀ ਸ਼ਿਕਾਇਤ ਕਰਨ ਵਾਲੇ ਸਰਪੰਚ 'ਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ।
ਸਿਸਟਮ 'ਤੇ ਉੱਠੇ ਸਵਾਲ
ਆਰ.ਪੀ. ਸਿੰਘ ਨੇ ਸਵਾਲ ਚੁੱਕਿਆ ਕਿ ਜੇਕਰ ਪੁਲਸ ਪਛਾਣ ਗੁਪਤ ਰੱਖਦੀ ਹੈ, ਤਾਂ ਨਸ਼ਾ ਤਸਕਰਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਸ਼ਿਕਾਇਤ ਕਿਸ ਨੇ ਕੀਤੀ ਹੈ? ਕੀ ਐਂਟੀ-ਡਰੱਗ ਹੈਲਪਲਾਈਨ ਜਾਣਕਾਰੀ ਲੀਕ ਕਰਨ ਦਾ ਅੱਡਾ ਬਣ ਚੁੱਕੀ ਹੈ? ਉਨ੍ਹਾਂ ਮੰਗ ਕੀਤੀ ਕਿ ਇਸ ਸਿਸਟਮ ਦਾ ਸੁਤੰਤਰ ਆਡਿਟ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਲਾਪਰਵਾਹੀ ਕਾਰਨ ਆਮ ਲੋਕਾਂ ਦੀਆਂ ਜਾਨਾਂ ਖ਼ਤਰੇ 'ਚ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਪੱਸ਼ਟ ਜਵਾਬ ਚਾਹੁੰਦੇ ਹਨ ਕਿਉਂਕਿ ਮੌਜੂਦਾ ਸਰਕਾਰ ਦੇ ਰਾਜ 'ਚ ਵਿਸਲਬਲੋਅਰਜ਼ (ਜਾਣਕਾਰੀ ਦੇਣ ਵਾਲੇ) ਨੂੰ ਸੁਰੱਖਿਆ ਦੇਣ ਦੀ ਬਜਾਏ ਸਜ਼ਾ ਮਿਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com