ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਇੰਟਰਨੈਸ਼ਨਲ ਡੈਸਕ- ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੀ ਅਮਰੀਕੀ-ਇਜ਼ਰਾਈਲੀ ਹਮਲੇ ਵਿੱਚ ਹੋਈ ਮੌਤ ਨੇ ਪੂਰੀ ਦੁਨੀਆ ਨੂੰ ਦੁਚਿੱਤੀ 'ਚ ਪਾ ਦਿੱਤਾ ਹੈ। ਇਸ ਘਟਨਾ ਨੇ ਜਿੱਥੇ ਇਰਾਨੀ ਲੋਕਾਂ 'ਚ ਖੁਸ਼ੀ ਦੀ ਲਹਿਰ ਦੌੜਾਈ ਹੈ, ਉੱਥੇ ਹੀ ਭਾਰਤੀ ਮੁਸਲਮਾਨਾਂ (ਖਾਸ ਕਰਕੇ ਸ਼ੀਆ ਭਾਈਚਾਰੇ) ਲਈ ਇਕ ਦੁਖਾਂਤ ਹੈ।

ਇਰਾਨ ਦੇ ਤਹਿਰਾਨ, ਇਸਫਾਹਨ ਅਤੇ ਹੋਰ ਸ਼ਹਿਰਾਂ ਤੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ ਹਨ ਜਿੱਥੇ ਔਰਤਾਂ ਖਾਮੇਨੇਈ ਦੀ ਮੌਤ ਮਗਰੋਂ ਬਿਨਾਂ ਹਿਜਾਬ ਦੇ ਸੜਕਾਂ 'ਤੇ ਨੱਚ ਕੇ ਖੁਸ਼ੀ ਮਨਾ ਰਹੀਆਂ ਹਨ ਅਤੇ ਮਿਠਾਈਆਂ ਵੰਡ ਰਹੀਆਂ ਹਨ। ਉੱਥੇ ਹੀ ਭਾਰਤ ਦੇ ਕਸ਼ਮੀਰ ਦੇ ਸ਼੍ਰੀਨਗਰ, ਬਡਗਾਮ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ 'ਚ ਖਾਮੇਨੇਈ ਦੀ ਮੌਤ ਦੇ ਵਿਰੋਧ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਸੜਕਾਂ 'ਤੇ ਉਤਰ ਆਏ ਹਨ ਤੇ ਭਾਰਤੀ ਔਰਤਾਂ ਵੀ ਖ਼ਾਮੇਨੇਈ ਦੀਆਂ ਤਸਵੀਰਾਂ ਨੂੰ ਹਿੱਕ ਨਾਲ ਲਗਾ ਕੇ ਰੋਂਦੀਆਂ ਦਿਖਾਈ ਦਿੱਤੀਆਂ।

ਇਰਾਨ 'ਚ ਖੁਸ਼ੀ ਕਿਉਂ ?
ਇਰਾਨ ਦੇ ਅੰਦਰ, ਖਾਸ ਕਰਕੇ ਨੌਜਵਾਨ ਪੀੜ੍ਹੀ ਅਤੇ ਔਰਤਾਂ ਵਿੱਚ ਖ਼ਾਮੇਨੇਈ ਪ੍ਰਤੀ ਭਾਰੀ ਗੁੱਸਾ ਸੀ, ਜਿਸ ਦੇ ਕਈ ਕਾਰਨ ਹਨ। ਇਰਾਨੀ ਔਰਤਾਂ ਖ਼ਾਮੇਨੇਈ ਨੂੰ ਉਨ੍ਹਾਂ ਦੀ ਆਜ਼ਾਦੀ ਖੋਹਣ ਵਾਲੇ ਚਿਹਰੇ ਵਜੋਂ ਦੇਖਦੀਆਂ ਹਨ। 'ਹਿਜਾਬ ਕਾਨੂੰਨ' ਅਤੇ 'ਮੋਰਾਲਿਟੀ ਪੁਲਸ' ਦੁਆਰਾ ਮਹਿਸਾ ਅਮੀਨੀ ਵਰਗੀਆਂ ਔਰਤਾਂ 'ਤੇ ਕੀਤੇ ਗਏ ਜ਼ੁਲਮਾਂ ਨੇ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਭਰ ਦਿੱਤੀ ਸੀ। ਇਸ ਤੋਂ ਇਲਾਵਾ ਇਰਾਨੀ ਜਨਤਾ ਦਾ ਇੱਕ ਵੱਡਾ ਹਿੱਸਾ ਮੰਨਦਾ ਹੈ ਕਿ ਖ਼ਾਮੇਨੇਈ ਦੇ ਰਾਜ ਵਿੱਚ ਦੇਸ਼ ਦੀ ਦੌਲਤ ਲੋਕਾਂ ਦੀ ਭਲਾਈ ਦੀ ਬਜਾਏ ਵਿਦੇਸ਼ੀ ਜੰਗਾਂ (ਸੀਰੀਆ, ਲਿਬਨਾਨ, ਯਮਨ) ਵਿੱਚ ਬਰਬਾਦ ਕੀਤੀ ਗਈ।

PunjabKesari

ਇਸ ਦੇ ਨਾਲ ਹੀ ਪਿਛਲੇ ਸਮੇਂ 'ਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਨੌਜਵਾਨਾਂ ਦੀ ਮੌਤ ਅਤੇ ਗ੍ਰਿਫਤਾਰੀਆਂ ਲਈ ਲੋਕ ਸਿੱਧੇ ਤੌਰ 'ਤੇ ਖ਼ਾਮੇਨੇਈ ਨੂੰ ਜ਼ਿੰਮੇਵਾਰ ਮੰਨਦੇ ਹਨ। ਇਸ ਲਈ ਉਨ੍ਹਾਂ ਲਈ ਖਾਮੇਨੇਈ ਦੀ ਮੌਤ ਇੱਕ 'ਜ਼ਾਲਮ ਸ਼ਾਸਨ' ਦੇ ਅੰਤ ਵਰਗੀ ਹੈ।

ਭਾਰਤ ਤੇ ਪਾਕਿਸਤਾਨ 'ਚ ਸੋਗ ਕਿਉਂ ?
ਇਰਾਨੀ ਲੋਕ ਜਿੱਥੇ ਖ਼ਾਮੇਨੇਈ ਦੀ ਮੌਤ ਦਾ ਜਸ਼ਨ ਮਨਾ ਰਹੇ ਹਨ, ਉੱਥੇ ਹੀ ਭਾਰਤ (ਲਖਨਊ, ਕਸ਼ਮੀਰ) ਅਤੇ ਪਾਕਿਸਤਾਨ (ਕਾਰਾਚੀ, ਸਕਰਦੂ) ਦੇ ਸ਼ੀਆ ਮੁਸਲਮਾਨਾਂ ਲਈ ਖ਼ਾਮੇਨੇਈ ਦੀ ਮੌਤ ਇਕ ਸਦਮੇ ਵਾਂਗ ਹੈ। ਦੱਖਣੀ ਏਸ਼ੀਆਈ ਸ਼ੀਆ ਮੁਸਲਮਾਨਾਂ ਲਈ ਖ਼ਾਮੇਨੇਈ ਸਿਰਫ਼ ਇੱਕ ਦੇਸ਼ ਦੇ ਆਗੂ ਨਹੀਂ ਸਨ, ਸਗੋਂ 'ਵਲੀ-ਏ-ਫਕੀਹ' (ਸਰਵਉੱਚ ਧਾਰਮਿਕ ਫੈਸਲਾ ਲੈਣ ਵਾਲੇ) ਸਨ। ਉਨ੍ਹਾਂ ਦਾ ਹੁਕਮ ਧਾਰਮਿਕ ਤੌਰ 'ਤੇ ਪਵਿੱਤਰ ਮੰਨਿਆ ਜਾਂਦਾ ਹੈ।

PunjabKesari

ਭਾਰਤ ਅਤੇ ਪਾਕਿਸਤਾਨ ਦੇ ਮੁਸਲਮਾਨ ਉਨ੍ਹਾਂ ਨੂੰ ਅਮਰੀਕਾ ਅਤੇ ਇਜ਼ਰਾਈਲ ਵਰਗੀਆਂ ਤਾਕਤਾਂ ਵਿਰੁੱਧ ਡਟਣ ਵਾਲੇ ਇਕਲੌਤੇ ਨਿਡਰ ਆਗੂ ਵਜੋਂ ਦੇਖਦੇ ਸਨ। ਫਲਸਤੀਨ ਅਤੇ ਕਸ਼ਮੀਰ ਦੇ ਮੁੱਦਿਆਂ 'ਤੇ ਉਨ੍ਹਾਂ ਦੇ ਸਖ਼ਤ ਸਟੈਂਡ ਕਾਰਨ ਉਹ ਇੱਥੇ ਬਹੁਤ ਪ੍ਰਸਿੱਧ ਸਨ। ਉਨ੍ਹਾਂ ਦੀ ਮੌਤ ਅਮਰੀਕੀ-ਇਜ਼ਰਾਈਲੀ ਹਮਲੇ ਵਿੱਚ ਹੋਈ ਹੈ, ਇਸ ਲਈ ਇੱਥੋਂ ਦੇ ਮੁਸਲਮਾਨ ਉਨ੍ਹਾਂ ਨੂੰ ਇੱਕ 'ਸ਼ਹੀਦ' ਦਾ ਦਰਜਾ ਦੇ ਰਹੇ ਹਨ। ਉਨ੍ਹਾਂ ਲਈ ਇਹ ਇਸਲਾਮ ਵਿਰੋਧੀ ਤਾਕਤਾਂ ਵੱਲੋਂ ਇੱਕ ਮਹਾਨ ਆਗੂ ਦਾ ਕਤਲ ਹੈ।

ਇਸ ਤਰ੍ਹਾਂ ਇਰਾਨੀਆਂ ਲਈ ਖ਼ਾਮੇਨੇਈ 'ਘਰੇਲੂ ਤਾਨਾਸ਼ਾਹ' ਸਨ, ਜਦਕਿ ਬਾਹਰੀ ਮੁਸਲਮਾਨ ਉਨ੍ਹਾਂ ਨੂੰ 'ਇਸਲਾਮ ਦੇ ਰਾਖੇ' ਵਜੋਂ ਦੇਖਦੇ ਸਨ। ਇਹੀ ਕਾਰਨ ਹੈ ਕਿ ਇਰਾਨ ਦੇ ਲੋਕ ਖਾਮੇਨੇਈ ਦੀ ਮੌਤ 'ਤੇ ਖੁਸ਼ੀ ਮਨਾ ਰਹੇ ਹਨ ਤੇ ਭਾਰਤ-ਪਾਕਿ ਵਰਗੇ ਦੇਸ਼ਾਂ ਦੇ ਮੁਸਲਮਾਨ ਇਸ ਨੂੰ ਇਕ ਦੁਖ਼ਾਂਤ ਵਜੋਂ ਦੇਖ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS