ਮੋਹਾਲੀ : ਹੋਲੀ ਦਾ ਤਿਉਹਾਰ ਦੇਸ਼ ਭਰ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਮੋਹਾਲੀ ਜ਼ਿਲ੍ਹੇ ਦਾ ਇਕ ਪਿੰਡ ਸੋਹਾਣਾ ਅਜਿਹਾ ਵੀ ਹੈ, ਜਿੱਥੇ ਹੋਲੀ ਸ਼ਮਸ਼ਾਨਘਾਟ ਦੀ ਰਾਖ ਅਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਖੇਡੀ ਜਾਂਦੀ ਹੈ। ਸਦੀਆਂ ਤੋਂ ਚੱਲਦੇ ਆ ਰਹੇ ਇਸ ਤਰੀਕੇ ਨਾਲ ਪਿੰਡ ਸੋਹਾਣਾ 'ਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕਾਂ ਨੇ ਸ਼ਮਸ਼ਾਨਘਾਟ 'ਚ ਪਈ ਮ੍ਰਿਤਕ ਲੋਕਾਂ ਦੀ ਰਾਖ ਪਹਿਲਾਂ ਹੀ ਇਕੱਠੀ ਕਰਕੇ ਰੱਖੀ ਹੋਈ ਸੀ, ਜਿਸ ਨੂੰ ਪਾਣੀ 'ਚ ਘੋਲ ਕੇ ਇਕ-ਦੂਜੇ 'ਤੇ ਸੁੱਟਿਆ ਜਾਂਦਾ ਹੈ। ਲੋਕਾਂ ਨੇ ਹੱਡਾ-ਰੋੜੀ ਵਿਚੋਂ ਮ੍ਰਿਤਕ ਪਸ਼ੂਆਂ ਦੀਆਂ ਹੱਡੀਆਂ ਲਿਆ ਕੇ ਦੁਕਾਨਾਂ ਅਤੇ ਘਰਾਂ ਅੱਗੇ ਟੰਗ ਦਿੱਤੀਆਂ।
ਇਸ ਪਿੰਡ 'ਚੋਂ ਲੰਘਣ ਵਾਲੇ ਬਾਹਰ ਦੇ ਲੋਕਾਂ 'ਚ ਤਾਂ ਹੱਡੀਆਂ ਨੂੰ ਦੇਖ ਕੇ ਦਹਿਸ਼ਤ ਫੈਲ ਗਈ ਪਰ ਇਸ ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕਿ ਇਸ ਪਿੰਡ 'ਚ ਹੋਲੀ ਇਸੇ ਤਰੀਕੇ ਨਾਲ ਮਨਾਈ ਜਾਂਦੀ ਹੈ। ਹੋਰ ਤਾਂ ਹੋਰ ਨਾਲੀਆਂ ਦਾ ਗੰਦਾ ਪਾਣੀ ਵੀ ਇਕ-ਦੂਜੇ 'ਤੇ ਸੁੱਟਿਆ ਜਾਂਦਾ ਹੈ। ਇਹ ਪਰੰਪਰਾ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ। ਲੋਕਾਂ ਵੱਲੋਂ ਹੋਲੀ ਖੇਡਣ ਸਮੇਂ ਇਸ ਗੱਲ ਦਾ ਪੂਰਾ ਤਰ੍ਹਾਂ ਖਿਆਲ ਰੱਖਿਆ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ। ਸਾਵਧਾਨੀ ਵਜੋਂ ਇਸ ਮੌਕੇ ਪੁਲਸ ਫੋਰਸ ਵੀ ਤਾਇਨਾਤ ਸੀ। ਸ਼ਮਸ਼ਾਨਘਾਟ ਦੀ ਰਾਖ ਅਤੇ ਹੱਡੀਆਂ ਨਾਲ ਹੋਲੀ ਖੇਡਣ ਬਾਰੇ ਪੁੱਛੇ ਜਾਣ 'ਤੇ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਪੁਰਾਣੀ ਮਾਨਤਾ ਚੱਲਦੀ ਆ ਰਹੀ ਹੈ ਕਿ ਹੋਲੀ ਇਸ ਤਰੀਕੇ ਨਾਲ ਮਨਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ 'ਚ ਇਹ ਵਿਸ਼ਵਾਸ ਘਰ ਕਰ ਗਿਆ ਹੈ ਕਿ ਜੇਕਰ ਸ਼ਮਸ਼ਾਨਘਾਟ ਦੀ ਰਾਖ ਨਾ ਪਾਈ ਗਈ ਤਾਂ ਪਿੰਡ 'ਚ ਮੌਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਦੁਕਾਨਾਂ ਦੇ ਅੱਗੇ ਪਸ਼ੂਆਂ ਦੀਆਂ ਹੱਡੀਆਂ ਟੰਗੇ ਜਾਣ ਬਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਨਾਲ ਵਪਾਰ 'ਚ ਵਾਧਾ ਹੁੰਦਾ ਹੈ ਅਤੇ ਜੇਕਰ ਇਹ ਹੱਡੀਆਂ ਦੁਕਾਨਾਂ ਦੇ ਅੱਗੇ ਨਾ ਰੱਖੀਆਂ ਜਾਣ ਤਾਂ ਵਪਾਰ 'ਚ ਘਾਟਾ ਪਵੇਗਾ। ਦੂਜੇ ਪਾਸੇ ਪਿੰਡ ਦੇ ਜ਼ਿਆਦਾਤਰ ਨੌਜਵਾਨ ਅਜਿਹੇ ਵੀ ਹਨ, ਜੋ ਕਿ ਇਸ ਤਰ੍ਹਾਂ ਦੀ ਗੰਦਗੀ ਨਾਲ ਹੋਲੀ ਖੇਡੇ ਜਾਣਾ ਪਸੰਦ ਨਹੀਂ ਕਰਦੇ ਅਤੇ ਉਹ ਚਾਹੁੰਦੇ ਹਨ ਕਿ ਹੁਣ ਇਹ ਪਰੰਪਰਾ ਬੰਦ ਹੋਣੀ ਚਾਹੀਦੀ ਹੈ। ਨਾਲੀਆਂ ਦਾ ਗੰਦਾ ਪਾਣੀ ਲੋਕਾਂ ਨੂੰ ਬੀਮਾਰੀਆਂ ਵੀ ਲਾ ਸਕਦਾ ਹੈ ਅਤੇ ਹੱਡੀਆਂ ਤੋਂ ਵੀ ਕੋਈ ਬੀਮਾਰੀ ਫੈਲ ਸਕਦੀ ਹੈ। ਇਸ ਲਈ ਕੁੱਝ ਲੋਕ ਇਸ ਆਧੁਨਿਕ ਸਮੇਂ ਦੇ ਅਨੁਸਾਰ ਹੀ ਗੁਲਾਲ ਨਾਲ ਹੋਲੀ ਖੇਡਣ 'ਤੇ ਜ਼ੋਰ ਦਿੰਦੇ ਹਨ ਪਰ ਸਦੀਆਂ ਤੋਂ ਚੱਲਦੀ ਆ ਰਹੀ ਪਰੰਪਰਾ ਨੂੰ ਪਿੰਡ ਦੇ ਲੋਕ ਛੱਡਣ ਨੂੰ ਤਿਆਰ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com