ਜਲੰਧਰ: ਈਰਾਨ 'ਤੇ ਅਮਰੀਕਾ-ਇਜ਼ਰਾਈਲੀ ਹਮਲਿਆਂ ਤੋਂ ਬਾਅਦ ਮੱਧ ਪੂਰਬ ਵਿਚ ਪੈਦਾ ਹੋਏ ਜੰਗ ਦੇ ਹਾਲਾਤਾਂ ਨੇ ਪੰਜਾਬ ਦੀ ਆਰਥਿਕਤਾ ਨੂੰ ਡੂੰਘਾ ਸੰਕਟ ਵਿਚ ਪਾ ਦਿੱਤਾ ਹੈ। ਪੰਜਾਬ ਤੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਜਾਣ ਵਾਲੇ ਸਾਮਾਨ ਦੇ ਜਹਾਜ਼ ਮਿਡਲ ਈਸਟ ਤੋਂ ਹੋ ਕੇ ਗੁਜ਼ਰਦੇ ਹਨ, ਜਿਸ ਕਾਰਨ ਹੁਣ ਸਾਰੀਆਂ ਥਾਵਾਂ ਦਾ ਐਕਸਪੋਰਟ ਰੁਕ ਗਿਆ ਹੈ ਅਤੇ ਸੂਬੇ ਨੂੰ ਹਰ ਮਹੀਨੇ ਲਗਭਗ 1400 ਕਰੋੜ ਰੁਪਏ ਦੇ ਵਪਾਰਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਮੀਡੀਆ ਰਿਪੋਰਟਾਂ ਮੁਤਾਬਕ, ਪੰਜਾਬ ਤੋਂ ਹਰ ਮਹੀਨੇ 1500 ਕੰਟੇਨਰਾਂ ਰਾਹੀਂ ਹੋਣ ਵਾਲਾ ਨਿਰਯਾਤ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਕਿਉਂਕਿ ਸਮੁੰਦਰੀ ਰਸਤਿਆਂ ਵਿਚ ਵਧਦੇ ਖ਼ਤਰੇ ਕਾਰਨ ਸ਼ਿਪਿੰਗ ਕੰਪਨੀਆਂ ਹੁਣ ਨਵੀਂ ਬੁਕਿੰਗ ਨਹੀਂ ਲੈ ਰਹੀਆਂ। ਇਸ ਤੋਂ ਇਲਾਵਾ, ਪੁਰਾਣੇ ਆਰਡਰ ਜਾਂ ਤਾਂ ਵਿਦੇਸ਼ੀ ਖਰੀਦਦਾਰਾਂ ਵੱਲੋਂ ਰੱਦ ਕੀਤੇ ਜਾ ਰਹੇ ਹਨ ਜਾਂ ਫਿਰ ਉਨ੍ਹਾਂ ਨੂੰ ਹੋਲਡ 'ਤੇ ਰੱਖ ਦਿੱਤਾ ਗਿਆ ਹੈ, ਜਿਸ ਨਾਲ ਵਪਾਰੀਆਂ ਦੇ ਭੁਗਤਾਨ ਦਾ ਗੰਭੀਰ ਵਿਵਾਦ ਖੜ੍ਹਾ ਹੋ ਗਿਆ ਹੈ।
ਇਸ ਸੰਕਟ ਦੀ ਸਭ ਤੋਂ ਵੱਡੀ ਮਾਰ ਚੌਲ ਉਦਯੋਗ 'ਤੇ ਪਈ ਹੈ, ਜਿੱਥੇ ਵਿਦੇਸ਼ ਵਪਾਰ ਨਿਰਦੇਸ਼ਾਲਾ ਦੇ ਸਾਬਕਾ ਅਧਿਕਾਰੀਆਂ ਅਨੁਸਾਰ ਲਗਭਗ 6,000 ਕਰੋੜ ਰੁਪਏ ਦੀ ਰਕਮ ਫਸ ਗਈ ਹੈ ਅਤੇ ਹਜ਼ਾਰਾਂ ਕਰੋੜ ਦਾ ਸਟਾਕ ਰਸਤੇ ਵਿਚ ਅਟਕਿਆ ਹੋਇਆ ਹੈ। ਭਾਰਤ ਵੱਲੋਂ ਸਾਊਦੀ ਅਰਬ, ਇਰਾਨ, ਇਰਾਕ, ਯੂ.ਏ.ਈ. ਅਤੇ ਯਮਨ ਵਰਗੇ ਪੰਜ ਮੁੱਖ ਖਾੜੀ ਦੇਸ਼ਾਂ ਨੂੰ ਕੀਤੇ ਜਾਣ ਵਾਲੇ 29,892 ਕਰੋੜ ਰੁਪਏ ਦੇ ਚੌਲ ਨਿਰਯਾਤ ਵਿਚ ਪੰਜਾਬ ਦੀ ਹਿੱਸੇਦਾਰੀ ਲਗਭਗ 11,956 ਕਰੋੜ ਰੁਪਏ ਹੈ, ਜੋ ਹੁਣ ਪੂਰੀ ਤਰ੍ਹਾਂ ਖਤਰੇ ਵਿਚ ਹੈ। ਇਨ੍ਹਾਂ ਦੇਸ਼ਾਂ ਵਿੱਚੋਂ ਇਕੱਲੇ ਸਾਊਦੀ ਅਰਬ ਵਿਚ ਪੰਜਾਬ ਦਾ ਹਿੱਸਾ 4,076 ਕਰੋੜ ਅਤੇ ਇਰਾਕ ਵਿੱਚ 2,880 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਜਲੰਧਰ, ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਉਦਯੋਗਿਕ ਸ਼ਹਿਰਾਂ ਤੋਂ ਮਿਡਲ ਈਸਟ ਨੂੰ ਜਾਣ ਵਾਲਾ ਲਗਭਗ 3,000 ਕਰੋੜ ਰੁਪਏ ਦਾ ਇੰਜੀਨੀਅਰਿੰਗ ਸਾਮਾਨ ਵੀ ਪ੍ਰਭਾਵਿਤ ਹੋਇਆ ਹੈ।
ਵਪਾਰਕ ਮਾਹਿਰਾਂ ਅਤੇ ਸ਼ਿਪਿੰਗ ਏਜੰਟਾਂ ਦਾ ਕਹਿਣਾ ਹੈ ਕਿ ਲੰਬੇ ਰਸਤੇ ਕਾਰਨ ਕਿਰਾਏ ਵਿਚ 3 ਗੁਣਾ ਤੱਕ ਦਾ ਵਾਧਾ ਹੋ ਸਕਦਾ ਹੈ ਅਤੇ ਚੀਨੀ ਸ਼ਿਪਿੰਗ ਲਾਈਨਾਂ ਨੇ ਪਹਿਲਾਂ ਹੀ 'ਇਮਰਜੈਂਸੀ ਕਾਨਫਲਿਕਟ ਸਰਚਾਰਜ' ਲਗਾ ਕੇ ਫੈਕਟਰੀਆਂ ਲਈ ਕੱਚੇ ਮਾਲ ਦੀ ਲਾਗਤ ਵਧਾ ਦਿੱਤੀ ਹੈ। ਹੁਣ ਖਾੜੀ ਦੇਸ਼ਾਂ ਦੀ ਬਜਾਏ ਜਹਾਜ਼ਾਂ ਨੂੰ ਅਫਰੀਕਾ ਦੇ ਰਸਤੇ ਲੰਬਾ ਸਫ਼ਰ ਤੈਅ ਕਰਨਾ ਪਵੇਗਾ। ਚੌਲਾਂ ਅਤੇ ਇੰਜੀਨੀਅਰਿੰਗ ਸਾਮਾਨ ਤੋਂ ਇਲਾਵਾ ਪੰਜਾਬ ਦੇ ਹੋਰ ਪ੍ਰਮੁੱਖ ਖੇਤਰ ਜਿਵੇਂ ਖੇਡਾਂ ਦਾ ਸਾਮਾਨ (483.04 ਕਰੋੜ), ਕੱਪੜਾ (360.65 ਕਰੋੜ), ਹਲਦੀ ਪਾਊਡਰ (280.14 ਕਰੋੜ), ਮੀਠੇ ਬਿਸਕੁਟ (186.46 ਕਰੋੜ) ਅਤੇ ਖੇਤੀਬਾੜੀ ਮਸ਼ੀਨਰੀ ਦੇ ਪੁਰਜ਼ਿਆਂ ਦਾ ਨਿਰਯਾਤ ਵੀ ਇਸ ਜੰਗ ਦੀ ਲਪੇਟ ਵਿਚ ਆ ਗਿਆ ਹੈ। ਪੰਜਾਬ ਤੋਂ ਹੋਣ ਵਾਲਾ ਕੁੱਲ ਸਾਲਾਨਾ ਨਿਰਯਾਤ 16,694 ਕਰੋੜ ਰੁਪਏ ਹੈ, ਜਿਸ ਦਾ ਇੱਕ ਵੱਡਾ ਹਿੱਸਾ ਇਸ ਵੇਲੇ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।
Credit : www.jagbani.com