ਸਪੋਰਟਸ ਡੈਸਕ- ਆਈ.ਸੀ.ਸੀ. ਮੇਨਜ਼ ਟੀ-20 ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਵਿਰੁੱਧ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਜਿੱਤ ਲਈ 254 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਅਹਿਮ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਦੇ ਨੁਕਸਾਨ 'ਤੇ 253 ਰਨ ਬਣਾਏ, ਜੋ ਵਿਸ਼ਵ ਕੱਪ ਦੇ ਨਾਕਆਊਟ ਮੈਚ ਵਿੱਚ ਕਿਸੇ ਵੀ ਟੀਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ।
ਭਾਰਤੀ ਪਾਰੀ ਦੇ ਮੁੱਖ ਸੂਤਰਧਾਰ ਸੰਜੂ ਸੈਮਸਨ ਰਹੇ, ਜਿਨ੍ਹਾਂ ਨੇ ਮੈਦਾਨ ਦੇ ਚਾਰੇ ਪਾਸੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਕਰਦਿਆਂ ਸਿਰਫ 42 ਗੇਂਦਾਂ ਵਿੱਚ 89 ਦੌੜਾਂ ਦੀ ਬੇਹੱਦ ਵਿਸਫੋਟਕ ਪਾਰੀ ਖੇਡੀ। ਸੈਮਸਨ ਨੇ ਆਪਣਾ ਅਰਧ-ਸੈਂਕੜਾ ਮਹਿਜ਼ 26 ਗੇਂਦਾਂ ਵਿੱਚ ਹੀ ਪੂਰਾ ਕਰ ਲਿਆ ਸੀ। ਉਨ੍ਹਾਂ ਤੋਂ ਇਲਾਵਾ ਸ਼ਿਵਮ ਦੂਬੇ ਨੇ ਵੀ ਸ਼ਾਨਦਾਰ ਫਾਰਮ ਦਿਖਾਉਂਦੇ ਹੋਏ 25 ਗੇਂਦਾਂ ਵਿੱਚ 4 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 39 ਦੌੜਾਂ ਬਣਾ ਕੇ ਪਾਰੀ ਨੂੰ ਮਜ਼ਬੂਤ ਅਧਾਰ ਦਿੱਤਾ।
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਸ਼ੁਰੂਆਤੀ ਝਟਕਾ ਅਭਿਸ਼ੇਕ ਸ਼ਰਮਾ (9) ਦੇ ਰੂਪ ਵਿੱਚ ਲੱਗਾ, ਪਰ ਸੰਜੂ ਅਤੇ ਈਸ਼ਾਨ ਨੇ ਪਾਵਰਪਲੇਅ (6 ਓਵਰਾਂ) ਵਿੱਚ ਸਕੋਰ ਨੂੰ 67/1 ਤੱਕ ਪਹੁੰਚਾ ਦਿੱਤਾ। ਭਾਰਤ ਨੇ ਆਪਣੀਆਂ 100 ਦੌੜਾਂ ਸਿਰਫ 8.3 ਓਵਰਾਂ ਵਿੱਚ ਪੂਰੀਆਂ ਕੀਤੀਆਂ, ਜੋ ਕਿ ਨਾਕਆਊਟ ਮੁਕਾਬਲਿਆਂ ਵਿੱਚ ਦੂਜਾ ਸਭ ਤੋਂ ਤੇਜ਼ ਸਕੋਰ ਹੈ। ਅੰਤਿਮ ਓਵਰਾਂ ਵਿੱਚ ਤਿਲਕ ਵਰਮਾ ਨੇ ਮਹਿਜ਼ 7 ਗੇਂਦਾਂ ਵਿੱਚ 3 ਛੱਕਿਆਂ ਦੀ ਮਦਦ ਨਾਲ 21 ਦੌੜਾਂ ਅਤੇ ਹਾਰਦਿਕ ਪੰਡਯਾ ਨੇ 27 ਦੌੜਾਂ ਜੋੜ ਕੇ ਸਕੋਰ ਨੂੰ 250 ਦੇ ਪਾਰ ਪਹੁੰਚਾ ਦਿੱਤਾ। ਇੰਗਲੈਂਡ ਵੱਲੋਂ ਵਿਲ ਜੈਕਸ ਅਤੇ ਆਦਿਲ ਰਾਸ਼ਿਦ ਨੇ ਕੁਝ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ।
Credit : www.jagbani.com