ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਰਕਿੰਗ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਦਾਸਪੁਰ ਵਿੱਚ ਦਿਨ ਦਿਹਾੜੇ ਹੋਈ ਕਰੀਬ ₹7 ਕਰੋੜ ਦੀ ਡਕੈਤੀ ਦੀ ਘਟਨਾ ਨੂੰ ਪੰਜਾਬ ਵਿੱਚ ਡਿੱਗ ਰਹੀ ਕਾਨੂੰਨ-ਵਿਵਸਥਾ ਦੀ ਡਰਾਉਣੀ ਤਸਵੀਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਨੇ ਇੱਕ ਸੁਨਿਆਰ ਦੇ ਪਰਿਵਾਰ ਨੂੰ ਬੰਧਕ ਬਣਾ ਕੇ, ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਅਤੇ ਮੂੰਹ ‘ਤੇ ਪੱਟੀ ਬੰਨ੍ਹ ਕੇ ਖ਼ਤਰਨਾਕ ਹਥਿਆਰਾਂ ਦੇ ਜ਼ੋਰ ‘ਤੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਤਨਾ ਹੀ ਨਹੀਂ, ਲੁਟੇਰੇ ਸੋਨਾ-ਚਾਂਦੀ ਲੈ ਜਾਣ ਦੇ ਨਾਲ ਨਾਲ ਸਬੂਤ ਮਿਟਾਉਣ ਲਈ ਸੀਸੀਟੀਵੀ ਕੈਮਰੇ ਵੀ ਉਖਾੜ ਕੇ ਲੈ ਗਏ।
ਸ਼ਰਮਾ ਨੇ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹੌਸਲਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਦਹਿਸ਼ਤਨਾਕ ਘਟਨਾ ਨੇ ਸਾਰੇ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਵਪਾਰੀ ਵਰਗ ਵਿੱਚ ਵੀ ਭਾਰੀ ਚਿੰਤਾ ਹੈ। ਸ਼ਰਮਾ ਦੇ ਨਾਲ ਸੂਬਾ ਮਹਾਮੰਤਰੀ ਰਾਕੇਸ਼ ਰਾਠੌੜ, ਸੂਬਾ ਸਕੱਤਰ ਸੂਰਜ ਭਾਰਦਵਾਜ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਬਘੇਲ ਸਿੰਘ ਬਹਿਆਨ, ਰਾਜਿੰਦਰ ਬਿੱਟਾ, ਸ਼ਿਵਬੀਰ ਰਾਜਨ ਅਤੇ ਹੋਰ ਨੇਤਾ ਮੌਜੂਦ ਸਨ।
ਸ਼ਰਮਾ ਨੇ ਕਿਹਾ ਕਿ ਇਹ ਸਿਰਫ ਇੱਕ ਲੁੱਟ ਦੀ ਘਟਨਾ ਨਹੀਂ, ਸਗੋਂ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਨਾਕਾਮੀ ਦਾ ਵੱਡਾ ਸਬੂਤ ਹੈ। ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਕਰੋੜਾਂ ਦੀ ਲੁੱਟ ਕਰਕੇ ਵੀ ਕਾਨੂੰਨ ਤੋਂ ਬੇਖ਼ੌਫ਼ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ “ਬਦਲਾਅ” ਵਾਲੀ ਸਰਕਾਰ ਦੇ ਰਾਜ ਵਿੱਚ ਪੰਜਾਬ ਦਾ ਵਪਾਰੀ ਵਰਗ ਅਤੇ ਆਮ ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਸਰਕਾਰ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਬਜਾਏ ਸਿਰਫ਼ ਪੀ.ਆਰ. ਅਤੇ ਇਸ਼ਤਿਹਾਰਾਂ ਵਿੱਚ ਮਸਤ ਹੈ ਅਤੇ ਪੰਜਾਬ ਹੌਲੀ-ਹੌਲੀ ਅਪਰਾਧੀਆਂ ਦੇ ਹਵਾਲੇ ਹੁੰਦਾ ਜਾ ਰਿਹਾ ਹੈ।
ਸ਼ਰਮਾ ਨੇ ਸਵਾਲ ਉਠਾਇਆ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਪਰਾਧੀਆਂ ਨੂੰ ਖੁੱਲ੍ਹੀ ਛੂਟ ਮਿਲ ਗਈ ਹੈ? ਉਨ੍ਹਾਂ ਕਿਹਾ ਕਿ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਦੀ ਗਾਰੰਟੀ ਕਿੱਥੇ ਹੈ? ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ ‘ਤੇ ਤੁਰੰਤ ਜਵਾਬ ਦੇਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com