ਇੰਟਰਨੈਸ਼ਨਲ ਡੈਸਕ- ਇਰਾਨ ਨੂੰ ਲੈ ਕੇ ਵਧਦੇ ਫੌਜੀ ਤਣਾਅ ਨੇ ਅਮਰੀਕਾ ਅਤੇ ਯੂਰਪ ਦੇ ਰਿਸ਼ਤਿਆਂ ’ਚ ਨਵੀਂ ਦਰਾਰ ਪੈਦਾ ਕਰ ਦਿੱਤੀ ਹੈ। ਪਿਛਲੇ ਇਕ ਸਾਲ ਤੋਂ ਜ਼ਿਆਦਾਤਰ ਯੂਰਪੀ ਨੇਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਾਰਾਜ਼ ਕਰਨ ਤੋਂ ਬਚਦੇ ਰਹੇ ਪਰ ਇਰਾਨ ਜੰਗ ਨੇ ਅਮਰੀਕਾ-ਯੂਰਪ ਦੇ ਰਿਸ਼ਤਿਆਂ ’ਚ ਕੁੜੱਤਣ ਭਰ ਦਿੱਤੀ ਹੈ। ਇਰਾਨ ਹਮਲੇ ਨੂੰ ਲੈ ਕੇ ਹੁਣ ਯੂਰਪੀਅਨ ਯੂਨੀਅਨ ਦੇ ਦੇਸ਼ ਖੁੱਲ੍ਹ ਕੇ ਬੋਲਣ ਲੱਗੇ ਹਨ। ਬ੍ਰਿਟੇਨ ਅਤੇ ਸਪੇਨ ਨੇ ਅਮਰੀਕੀ ਹਮਲੇ ਨੂੰ ਜਿੱਥੇ ਗੈਰ-ਕਾਨੂੰਨੀ ਅਤੇ ਨਾਸਮਝੀ ਭਰਿਆ ਦੱਸਿਆ ਹੈ, ਉੱਥੇ ਹੀ ਦੂਜੇ ਪਾਸੇ ਯੂਰਪ ਦੇ ਅੰਦਰ ਮੱਧ-ਪੂਰਬ ’ਚ ਛਿੜੀ ਇਸ ਜੰਗ ਨੂੰ ਲੈ ਕੇ ਵੱਖ-ਵੱਖ ਰਣਨੀਤੀ ਦਿਖਾਈ ਦੇ ਰਹੀ ਹੈ।
ਸਪੇਨ ਨੇ ਖੁੱਲ੍ਹ ਕੇ ਕੀਤਾ ਵਿਰੋਧ
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਅਮਰੀਕੀ ਨੀਤੀ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਦੁਨੀਆ ਦੇ ਲੱਖਾਂ ਲੋਕਾਂ ਦੀ ਕਿਸਮਤ ਨਾਲ ‘ਰੂਸੀ ਰੂਲੇਟ’ ਨਹੀਂ ਖੇਡਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸੰਘਰਸ਼ ’ਚ ਸ਼ਾਮਲ ਸਾਰੀਆਂ ਸ਼ਕਤੀਆਂ ਨੂੰ ਤੁਰੰਤ ਦੁਸ਼ਮਣੀ ਖਤਮ ਕਰਨੀ ਚਾਹੀਦੀ ਹੈ। ਸਪੇਨ ਨੇ ਅਮਰੀਕਾ ਨੂੰ ਆਪਣੇ ਫੌਜੀ ਟਿਕਾਣਿਆਂ ਦੀ ਵਰਤੋਂ ਇਰਾਨ ’ਤੇ ਹਮਲੇ ਲਈ ਕਰਨ ਦੀ ਮਨਜ਼ੂਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਟਰੰਪ ਨੇ ਸਪੇਨ ਨਾਲ ਵਪਾਰ ਰੋਕਣ ਦੀ ਧਮਕੀ ਤੱਕ ਦੇ ਦਿੱਤੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਦਾਅਵਾ ਕੀਤਾ ਕਿ ਸਪੇਨ ਅਮਰੀਕੀ ਫੌਜ ਨਾਲ ਸਹਿਯੋਗ ਕਰਨ ਲਈ ਸਹਿਮਤ ਹੋ ਗਿਆ ਹੈ। ਹਾਲਾਂਕਿ ਸਪੇਨ ਦੀ ਸਰਕਾਰੀ ਬੁਲਾਰਾ ਅਲੈਗਜ਼ੈਂਡਰਾ ਗਿੱਲ ਨੇ ਇਸ ਦਾਅਵੇ ਨੂੰ ਇਕ ਸ਼ਬਦ ’ਚ ਖਾਰਜ ਕਰਦੇ ਹੋਏ ਝੂਠਾ ਦੱਸਿਆ।
ਬ੍ਰਿਟੇਨ ਨੇ ਵੀ ਜੰਗ ਤੋਂ ਬਣਾਈ ਦੂਰੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੰਸਦ ’ਚ ਸਪਸ਼ਟ ਕੀਤਾ ਕਿ ਯੂਨਾਈਟਿਡ ਕਿੰਗਡਮ ਉਦੋਂ ਤੱਕ ਜੰਗ ’ਚ ਸ਼ਾਮਲ ਨਹੀਂ ਹੋਵੇਗਾ ਜਦੋਂ ਤੱਕ ਉਹ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਨਾ ਹੋਵੇ ਅਤੇ ਉਸ ਦੇ ਪਿੱਛੇ ਕੋਈ ਸਪਸ਼ਟ ਤੇ ਵਿਵਹਾਰਕ ਰਣਨੀਤੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ “ਐਂਡਗੇਮ” ਦੇ ਸ਼ੁਰੂ ਕੀਤੀ ਗਈ ਫੌਜੀ ਮੁਹਿੰਮ ਖ਼ਤਰਨਾਕ ਸਾਬਤ ਹੋ ਸਕਦੀ ਹੈ ਅਤੇ ਸਿਰਫ਼ ਹਵਾਈ ਹਮਲਿਆਂ ਨਾਲ ਕਿਸੇ ਦੇਸ਼ ’ਚ ਸੱਤਾ ਪਰਿਵਰਤਨ ਸੰਭਵ ਨਹੀਂ ਹੈ।
ਟਰੰਪ-ਸਟਾਰਮਰ ਵਿਚਾਲੇ ਤਿੱਖੀ ਬਿਆਨਬਾਜ਼ੀ
ਇਰਾਨ ਸੰਕਟ ਨੂੰ ਲੈ ਕੇ ਦੋਵਾਂ ਨੇਤਾਵਾਂ ਵਿਚਾਲੇ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ। ਟਰੰਪ ਨੇ ਨਿਰਾਸ਼ਾ ਪ੍ਰਗਟਾਉਂਦੇ ਹੋਏ ਕਿਹਾ ਕਿ ਬ੍ਰਿਟੇਨ ਨੇ ਅਮਰੀਕੀ ਯੋਜਨਾ ਦਾ ਸਮਰਥਨ ਕਰਨ ’ਚ ਦੇਰੀ ਕੀਤੀ ਅਤੇ ਬ੍ਰਿਟਿਸ਼ ਟਿਕਾਣਿਆਂ ਤੋਂ ਰੱਖਿਆਤਮਕ ਹਮਲਿਆਂ ਦੀ ਮਨਜ਼ੂਰੀ ਦੇਣ ’ਚ ਕਈ ਦਿਨ ਲਗਾ ਦਿੱਤੇ। ਉਨ੍ਹਾਂ ਨੇ ਵਿਅੰਗ ਕਰਦੇ ਹੋਏ ਸਟਾਰਮਰ ਦੀ ਤੁਲਨਾ ਵਿੰਸਟਨ ਚਰਚਿਲ ਨਾਲ ਕਰਦੇ ਹੋਏ ਕਿਹਾ ਕਿ ਇਹ ਕੋਈ ਵਿੰਸਟਨ ਚਰਚਿਲ ਨਹੀਂ ਹੈ ਜਿਸ ਨਾਲ ਅਸੀਂ ਨਜਿੱਠ ਰਹੇ ਹਾਂ।
ਯੂਰਪ ਦੇ ਅੰਦਰ ਕਿਉਂ ਹਨ ਮਤਭੇਦ
ਇਰਾਨ ਸੰਕਟ ’ਤੇ ਯੂਰਪ ਪੂਰੀ ਤਰ੍ਹਾਂ ਇਕਮਤ ਨਹੀਂ ਹੈ। ਜਰਮਨੀ ਵਰਗੇ ਕੁਝ ਦੇਸ਼ਾਂ ਨੇ ਮੁਕਾਬਲਤਨ ਨਰਮ ਰੁਖ਼ ਅਪਣਾਇਆ ਹੈ। ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਫੌਜੀ ਹਮਲਿਆਂ ਨੂੰ ਇਰਾਨ ਅਤੇ ਦੁਨੀਆ ਲਈ ਚੰਗੀ ਖ਼ਬਰ ਦੱਸਿਆ ਅਤੇ ਸਹਿਯੋਗੀਆਂ ਦੀ ਆਲੋਚਨਾ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਯੂਰਪ ਦੀ ਇਸ ਸਾਵਧਾਨੀ ਦੇ ਪਿੱਛੇ ਸਪਸ਼ਟ ਕਾਰਨ ਹਨ। ਰੂਸ ਦੀ ਵਧਦੀ ਦੁਸ਼ਮਣੀ ਦੇ ਦਰਮਿਆਨ ਸੁਰੱਖਿਆ ਲਈ ਯੂਰਪ ਕਾਫੀ ਹੱਦ ਤੱਕ ਅਮਰੀਕਾ ’ਤੇ ਨਿਰਭਰ ਹੈ। ਊਰਜਾ ਸਪਲਾਈ ਅਤੇ ਬਰਾਮਦ ਬਾਜ਼ਾਰ ਦੇ ਲਿਹਾਜ਼ ਨਾਲ ਵੀ ਅਮਰੀਕਾ ਯੂਰਪੀ ਅਰਥਵਿਵਸਥਾਵਾਂ ਲਈ ਬੇਹੱਦ ਅਹਿਮ ਬਣਿਆ ਹੋਇਆ ਹੈ।
ਫਰਾਂਸ ਨੇ ਪ੍ਰਗਟਾਇਆ ਕਾਨੂੰਨੀ ਇਤਰਾਜ਼
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਕਿਹਾ ਕਿ ਅਮਰੀਕੀ ਹਮਲਾ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਨਹੀਂ ਹੈ ਪਰ ਉਨ੍ਹਾਂ ਨੇ ਅਮਰੀਕਾ ਦੀ ਖੁੱਲ੍ਹੀ ਨਿੰਦਾ ਕਰਨ ਤੋਂ ਪਰਹੇਜ਼ ਕੀਤਾ। ਇਸ ਦੇ ਉਲਟ ਆਇਰਲੈਂਡ ਅਤੇ ਨਾਰਵੇ ਵਰਗੇ ਦੇਸ਼ਾਂ ਨੇ ਜ਼ਿਆਦਾ ਮੁਖਰ ਵਿਰੋਧ ਦਰਜ ਕਰਾਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਯੂਰਪ ਦੀ ਕੋਸ਼ਿਸ਼ ਹੋਵੇਗੀ ਕਿ ਅਮਰੀਕਾ ਨੂੰ ਇਸ ਸੰਘਰਸ਼ ਨੂੰ ਜਲਦੀ ਸਮਾਪਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਜੇਕਰ ਜੰਗ ਲੰਬੀ ਖਿੱਚਦੀ ਹੈ ਤਾਂ ਊਰਜਾ ਕੀਮਤਾਂ ’ਚ ਵਾਧਾ, ਅੱਤਵਾਦ ਅਤੇ ਮੱਧ-ਪੂਰਬ ਤੋਂ ਹਿਜ਼ਰਤ ਦੀ ਨਵੀਂ ਲਹਿਰ ਯੂਰਪ ਦੀਆਂ ਅਰਥਵਿਵਸਥਾਵਾਂ ’ਤੇ ਗੰਭੀਰ ਦਬਾਅ ਪਾ ਸਕਦੀ ਹੈ। ਬ੍ਰਿਟੇਨ ’ਚ ਵੀ ਘਰੇਲੂ ਰਾਜਨੀਤੀ ਇਸ ਰੁਖ਼ ਨੂੰ ਪ੍ਰਭਾਵਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਸਟਾਰਮਰ ’ਤੇ ਉਨ੍ਹਾਂ ਦੀ ਲੇਬਰ ਪਾਰਟੀ ਦੇ ਖੱਬੇਪੱਖੀ ਧੜੇ ਦਾ ਦਬਾਅ ਹੈ, ਜੋ ਜੰਗ ਦੇ ਖ਼ਿਲਾਫ ਹੈ। ਜਨਮਤ ਸਰਵੇਖਣਾਂ ’ਚ ਵੀ ਇਰਾਨ ’ਤੇ ਹਮਲੇ ਨੂੰ ਲੈ ਕੇ ਜਨਤਾ ’ਚ ਉਤਸ਼ਾਹ ਘੱਟ ਦਿਖਾਈ ਦੇ ਰਿਹਾ ਹੈ।
ਇਰਾਕ ਜੰਗ ਦੀਆਂ ਯਾਦਾਂ ਅਜੇ ਵੀ ਤਾਜ਼ਾ
2003 ਦੇ ਇਰਾਕ ਜੰਗ ਦੀਆਂ ਯਾਦਾਂ ਵੀ ਬ੍ਰਿਟਿਸ਼ ਰਾਜਨੀਤੀ ’ਚ ਅਜੇ ਤੱਕ ਤਾਜ਼ਾ ਹਨ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਅਮਰੀਕਾ ਨਾਲ ਮਿਲ ਕੇ ਇਰਾਕ ’ਤੇ ਹਮਲਾ ਕੀਤਾ ਸੀ ਅਤੇ ਹਜ਼ਾਰਾਂ ਬ੍ਰਿਟਿਸ਼ ਫੌਜੀਆਂ ਨੂੰ ਜੰਗ ’ਚ ਭੇਜਿਆ ਸੀ। ਇਹ ਫੈਸਲਾ ਬਾਅਦ ’ਚ ਉਨ੍ਹਾਂ ਦੀ ਰਾਜਨੀਤਿਕ ਵਿਰਾਸਤ ’ਤੇ ਵੱਡਾ ਧੱਬਾ ਮੰਨਿਆ ਗਿਆ।
‘ਵਿਸ਼ੇਸ਼ ਸਬੰਧ’ ’ਤੇ ਉੱਠੇ ਨਵੇਂ ਸਵਾਲ
ਇਰਾਨ ਸੰਕਟ ਤੋਂ ਬਾਅਦ ਹੁਣ ਅਮਰੀਕਾ ਅਤੇ ਬ੍ਰਿਟੇਨ ਵਿਚਕਾਰ ਲੰਬੇ ਸਮੇਂ ਤੋਂ ਚਲੇ ਆ ਰਹੇ ਵਿਸ਼ੇਸ਼ ਸਬੰਧਾਂ ’ਤੇ ਵੀ ਬਹਿਸ ਤੇਜ਼ ਹੋ ਗਈ ਹੈ। ਹਾਲਾਂਕਿ ਸਟਾਰਮਰ ਦਾ ਕਹਿਣਾ ਹੈ ਕਿ ਇਹ ਰਿਸ਼ਤਾ ਕਿਸੇ ਇਕ ਨੇਤਾ ਦੇ ਬਿਆਨ ਨਾਲ ਨਹੀਂ, ਸਗੋਂ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਸਹਿਯੋਗ ਅਤੇ ਖੁਫੀਆ ਸਾਂਝੇਦਾਰੀ ਨਾਲ ਤੈਅ ਹੁੰਦਾ ਹੈ। ਵਿਸ਼ਲੇਸ਼ਕਾਂ ਅਨੁਸਾਰ ਇਰਾਨ ਸੰਘਰਸ਼ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਟਰੰਪ ਦੇ ਦੌਰ ’ਚ ਅਟਲਾਂਟਿਕ ਗੱਠਜੋੜ ਦੇ ਅੰਦਰ ਮਤਭੇਦ ਪਹਿਲਾਂ ਨਾਲੋਂ ਕਿਤੇ ਵੱਧ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।
ਪਹਿਲਾਂ ਵੀ ਟਰੰਪ ਨੂੰ ਨਾਰਾਜ਼ ਕਰਨ ਤੋਂ ਬਚਦਾ ਰਿਹਾ ਯੂਰਪ
ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਯੂਰਪ ਦੇ ਜ਼ਿਆਦਾਤਰ ਦੇਸ਼ ਉਨ੍ਹਾਂ ਨੂੰ ਨਾਰਾਜ਼ ਨਾ ਕਰਨ ਦੀ ਰਣਨੀਤੀ ਅਪਣਾਏ ਹੋਏ ਸਨ। ਜਦੋਂ ਅਮਰੀਕਾ ਨੇ ਯੂਕ੍ਰੇਨ ਲਈ ਫੌਜੀ ਅਤੇ ਵਿੱਤੀ ਸਹਾਇਤਾ ਰੋਕ ਦਿੱਤੀ, ਓਦੋਂ ਵੀ ਯੂਰਪੀ ਨੇਤਾਵਾਂ ਨੇ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ। ਇਸੇ ਤਰ੍ਹਾਂ ਟਰੰਪ ਵੱਲੋਂ ਲਗਾਏ ਗਏ ਇਕਪਾਸੜ ਟੈਰਿਫ ਦੇ ਬਾਵਜੂਦ ਯੂਰਪ ਨੇ ਜਵਾਬੀ ਕਾਰਵਾਈ ਤੋਂ ਪਰਹੇਜ਼ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com