ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਵਿਚ ਜਾਰੀ ਜੰਗ ਦਾ ਅੱਜ 11ਵਾਂ ਦਿਨ ਹੈ। ਜੰਗ ਰੋਕਣ ਦੀਆਂ ਉਮੀਦਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਈਰਾਨ ਨੇ ਅਧਿਕਾਰਤ ਤੌਰ 'ਤੇ ਜੰਗਬੰਦੀ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਰਾਨ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਇਸ ਸੰਘਰਸ਼ ਵਿੱਚ ਹੁਣ ਜੰਗਬੰਦੀ ਨਹੀਂ ਚਾਹੁੰਦਾ। ਅਮਰੀਕਾ ਅਤੇ ਇਜ਼ਰਾਈਲ ਦੇ ਭਿਆਨਕ ਹਮਲਿਆਂ ਤੋਂ ਗੁੱਸੇ ਵਿੱਚ ਆਇਆ ਈਰਾਨ ਜ਼ੋਰਦਾਰ ਜਵਾਬੀ ਹਮਲੇ ਕਰ ਰਿਹਾ ਹੈ। ਈਰਾਨ ਨੇ ਰੂਸ, ਫਰਾਂਸ ਅਤੇ ਚੀਨ ਵੱਲੋਂ ਜੰਗਬੰਦੀ ਲਈ ਵਿਚੋਲਗੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਨੇ ਕਿਹਾ ਹੈ ਕਿ ਈਰਾਨ ਅਮਰੀਕਾ-ਇਜ਼ਰਾਈਲ ਗੱਲਬਾਤ ਰਾਹੀਂ ਯੁੱਧ ਦਾ ਅੰਤ ਨਹੀਂ ਚਾਹੁੰਦਾ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਅਸੀਂ ਨਿਸ਼ਚਤ ਤੌਰ 'ਤੇ ਜੰਗਬੰਦੀ ਦੀ ਭਾਲ ਨਹੀਂ ਕਰ ਰਹੇ ਹਾਂ। ਸਾਡਾ ਮੰਨਣਾ ਹੈ ਕਿ ਹਮਲਾਵਰ ਨੂੰ ਮੂੰਹ 'ਤੇ ਮੁੱਕਾ ਮਾਰ ਕੇ ਸਬਕ ਸਿਖਾਇਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਦੁਬਾਰਾ ਕਦੇ ਵੀ ਸਾਡੇ ਪਿਆਰੇ ਈਰਾਨ 'ਤੇ ਹਮਲਾ ਕਰਨ ਬਾਰੇ ਸੋਚ ਨਾ ਸਕੇ।" ਗਾਲਿਬਾਫ ਨੇ ਇਹ ਵੀ ਕਿਹਾ ਕਿ ਈਰਾਨ ਯੁੱਧ-ਗੱਲਬਾਤ-ਜੰਗਬੰਦੀ-ਅਤੇ-ਜੰਗ ਦੇ ਚੱਕਰ ਨੂੰ ਤੋੜਨਾ ਚਾਹੁੰਦਾ ਹੈ, ਇੱਕ ਰਣਨੀਤੀ ਜੋ ਇਜ਼ਰਾਈਲ ਆਪਣਾ ਦਬਦਬਾ ਜਤਾਉਣ ਲਈ ਵਰਤਦਾ ਹੈ।
ਇਸੇ ਤਰ੍ਹਾਂ ਦਾ ਬਿਆਨ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਵੀ ਦਿੱਤਾ ਹੈ। ਅਰਾਘਚੀ ਨੇ ਜੰਗਬੰਦੀ ਦੀ ਮੰਗ ਨੂੰ ਰੱਦ ਕਰ ਦਿੱਤਾ। ਉਸਨੇ ਕਿਹਾ,''ਅਮਰੀਕਾ ਅਤੇ ਇਜ਼ਰਾਈਲ "ਸਾਡੇ ਲੋਕਾਂ ਨੂੰ ਮਾਰ ਰਹੇ ਹਨ, ਉਹ ਵਿਦਿਆਰਥਣਾਂ ਨੂੰ ਮਾਰ ਰਹੇ ਹਨ, ਉਹ ਹਸਪਤਾਲਾਂ 'ਤੇ ਹਮਲਾ ਕਰ ਰਹੇ ਹਨ।" ਉਸਨੇ ਅੱਗੇ ਕਿਹਾ ਕਿ ਇਜ਼ਰਾਈਲ ਅਤੇ ਅਮਰੀਕਾ ਪਹਿਲਾਂ ਹੀ ਪਿਛਲੇ ਸਾਲ ਦੀ 12 ਦਿਨਾਂ ਦੀ ਜੰਗ ਨੂੰ ਖਤਮ ਕਰਨ ਲਈ ਕੀਤੀ ਗਈ ਜੰਗਬੰਦੀ ਨੂੰ ਤੋੜ ਚੁੱਕੇ ਹਨ,ਅਤੇ ਹੁਣ ਤੁਸੀਂ ਦੁਬਾਰਾ ਜੰਗਬੰਦੀ ਦੀ ਮੰਗ ਕਰ ਰਹੇ ਹੋ।" ਅਰਾਘਚੀ ਨੇ ਕਿਹਾ,"ਯੁੱਧ ਦਾ ਸਥਾਈ ਅੰਤ ਹੋਣਾ ਚਾਹੀਦਾ ਹੈ ।ਜਦੋਂ ਤੱਕ ਅਸੀਂ ਇਸ ਤੱਕ ਨਹੀਂ ਪਹੁੰਚਦੇ, ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਲੋਕਾਂ ਅਤੇ ਆਪਣੀ ਸੁਰੱਖਿਆ ਦੀ ਖ਼ਾਤਰ ਲੜਾਈ ਜਾਰੀ ਰੱਖਣ ਦੀ ਲੋੜ ਹੈ।"
ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ ਨੇ ਵੀ ਅਮਰੀਕਾ ਨਾਲ ਜੰਗਬੰਦੀ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ, "ਭਾਵੇਂ ਉਹ ਜੰਗਬੰਦੀ ਦੀ ਬੇਨਤੀ ਕਰਦੇ ਹਨ, ਪਰ ਇਹ ਉਦੋਂ ਹੀ ਹੋਵੇਗੀ ਜਦੋਂ ਈਰਾਨ ਨੂੰ ਭਰੋਸਾ ਹੋਵੇ ਕਿ ਉਹ ਦੁਬਾਰਾ ਹਮਲਾ ਨਹੀਂ ਕਰਨਗੇ ਅਤੇ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਲੈ ਲੈਣਗੇ।" ਗ਼ਰੀਬਾਬਾਦੀ ਨੇ ਕਿਹਾ, "ਸਾਡਾ ਪਲੜਾ ਭਾਰੀ ਹੈ। ਉਨ੍ਹਾਂ ਦੀਆਂ ਯੋਜਨਾਵਾਂ ਅਸਫਲ ਹੋ ਗਈਆਂ ਹਨ ਅਤੇ ਉਹ ਆਪਣਾ ਟੀਚਾ ਹਾਸਲ ਨਹੀਂ ਕਰ ਸਕੇ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com