ਬੇਅਦਬੀ ਦੇ ਇਨਸਾਫ਼ ਦੇ ਵਾਅਦੇ 'ਤੇ ਸੁਖਪਾਲ ਖਹਿਰਾ ਦਾ ਮਾਨ ਸਰਕਾਰ ਨੂੰ ਵੱਡਾ ਚੈਲੇਂਜ, ਪੁੱਛੇ ਤਿੱਖੇ ਸਵਾਲ

ਬੇਅਦਬੀ ਦੇ ਇਨਸਾਫ਼ ਦੇ ਵਾਅਦੇ 'ਤੇ ਸੁਖਪਾਲ ਖਹਿਰਾ ਦਾ ਮਾਨ ਸਰਕਾਰ ਨੂੰ ਵੱਡਾ ਚੈਲੇਂਜ, ਪੁੱਛੇ ਤਿੱਖੇ ਸਵਾਲ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਲੀਡਰਸ਼ਿਪ ਨੂੰ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਵਿੱਚ ਇਨਸਾਫ਼ ਦੇਣ ਦੇ ਵਾਅਦੇ 'ਤੇ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਪਿਛਲੇ ਚਾਰ ਸਾਲਾਂ ਦੌਰਾਨ ਸਰਕਾਰ ਵੱਲੋਂ ਇਸ ਮੁੱਦੇ 'ਤੇ ਕੀਤੀ ਗਈ ਕਾਰਵਾਈ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ।

ਸਾਂਝੀ ਕੀਤੀ ਗਈ ਵੀਡੀਓ ਵਿੱਚ ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ੍ਹ ਪੇਸ਼ ਕੀਤੇ ਗਏ ਚਾਰ ਸਾਲਾਂ ਦੇ ਰਿਪੋਰਟ ਕਾਰਡ ਵਿੱਚ ਬੇਅਦਬੀ ਦੇ ਇਨਸਾਫ਼ ਬਾਰੇ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਪਿਛਲੇ ਚਾਰ ਸਾਲਾਂ ਵਿੱਚ ਕਿੰਨੇ ਦੋਸ਼ੀ ਅੰਦਰ ਕੀਤੇ ਗਏ ਹਨ ਅਤੇ ਬੇਅਦਬੀਆਂ ਦੇ ਇਨਸਾਫ਼ ਲਈ ਕੀ ਕੀਤਾ ਗਿਆ ਹੈ? ਖਹਿਰਾ ਨੇ ਵੀਡੀਓ ਵਿੱਚ ਯਾਦ ਕਰਵਾਇਆ ਕਿ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ 24 ਘੰਟਿਆਂ ਵਿੱਚ ਇਨਸਾਫ਼ ਦੇਣ ਦੀ ਸਭ ਤੋਂ ਵੱਡੀ ‘ਪ੍ਰਾਈਮ ਗਰੰਟੀ’ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਮੁੱਦੇ 'ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਨੂੰ ਸਿਆਸੀ ਲਾਹੇ ਲਈ ਵਰਤਿਆ ਗਿਆ ਅਤੇ ਉਨ੍ਹਾਂ ਨੂੰ ਚੋਣ ਲੜਾ ਕੇ ਸਰਕਾਰ ਵਿੱਚ ਭਾਈਵਾਲ ਬਣਾ ਲਿਆ ਗਿਆ।

ਖਹਿਰਾ ਨੇ ਵੀਡੀਓ ਰਾਹੀਂ ਖੁਲਾਸਾ ਕੀਤਾ ਕਿ ਬੇਅਦਬੀ ਰੋਕਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਜੋ ਬਿੱਲ ਲਿਆਂਦਾ ਗਿਆ ਸੀ, ਉਸ ਨੂੰ ਬਾਅਦ ਵਿੱਚ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੱਤ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਮੌਜੂਦਾ ਸੈਸ਼ਨ ਵਿੱਚ ਬੇਅਦਬੀ ਵਿਰੁੱਧ ਇੱਕ ਲਫ਼ਜ਼ ਵੀ ਨਹੀਂ ਆਉਣ ਦਿੱਤਾ ਗਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਫਰੀਦਕੋਟ ਦੇ ਤਤਕਾਲੀ ਐਸ.ਐਸ.ਪੀ. ਵਿਰੁੱਧ ਕਾਰਵਾਈ ਦੀ ਫਾਈਲ ਤਿੰਨ ਸਾਲਾਂ ਤੋਂ ਮੁੱਖ ਮੰਤਰੀ ਦੀ ਮੇਜ਼ 'ਤੇ ਪਈ ਰਹੀ।

ਵੀਡੀਓ ਵਿੱਚ ਖਹਿਰਾ ਨੇ ਗੰਭੀਰ ਸਵਾਲ ਚੁੱਕਦਿਆਂ ਪੁੱਛਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਡੇਰਾ ਸੱਚਾ ਸੌਦਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਕੋਈ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਗਈ, ਜਦਕਿ ਅਦਾਲਤ ਵਿੱਚ ਬਿਆਨ ਸਾਹਮਣੇ ਆ ਚੁੱਕੇ ਹਨ ਕਿ ਇਹ ਸਾਰੀ ਸਾਜ਼ਿਸ਼ ਡੇਰੇ ਵਿੱਚ ਘੜੀ ਗਈ ਸੀ। ਉਨ੍ਹਾਂ ਮੌੜ ਬੰਬ ਧਮਾਕੇ ਦੀ ਜਾਂਚ ਵਿੱਚ ਵੀ ਸਰਕਾਰ ਦੀ ਨਾਕਾਮੀ 'ਤੇ ਉਂਗਲ ਚੁੱਕਦਿਆਂ ਪੁੱਛਿਆ ਕਿ ਜਿਸ ਆਰ.ਡੀ.ਐਕਸ. ਵਾਲੀ ਗੱਡੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਡੇਰੇ ਵਿੱਚ ਤਿਆਰ ਹੋਈ, ਉਸ ਬਾਰੇ ਹੁਣ ਤੱਕ ਕੀ ਜਾਂਚ ਹੋਈ ਹੈ?

ਸਿੱਖ ਭਾਵਨਾਵਾਂ ਨਾਲ ਧਰੋਹ ਦਾ ਦੋਸ਼ ਅੰਤ ਵਿੱਚ ਖਹਿਰਾ ਨੇ ਵੀਡੀਓ ਵਿੱਚ ਦੋਸ਼ ਲਾਇਆ ਕਿ ‘ਆਪ’ ਨੇ ਸਿਰਫ਼ ਸੱਤਾ ਹਾਸਲ ਕਰਨ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਵਰਤਿਆ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਬਾਅਦ ਵੀ ਕੋਈ ਪੁਲਸ ਵਾਲਾ ਜੇਲ੍ਹ ਵਿੱਚ ਨਹੀਂ ਹੈ, ਸਗੋਂ ਸਾਰੇ ਬਹਾਲ ਹੋ ਕੇ ਬਾਹਰ ਫਿਰ ਰਹੇ ਹਨ ਅਤੇ ਬੇਅਦਬੀ ਦੇ ਕੇਸ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ। ਖਹਿਰਾ ਨੇ ਇਸ ਨੂੰ ਗੁਰੂ ਸਾਹਿਬ ਨਾਲ ਕੀਤਾ ਗਿਆ ਵੱਡਾ ਧਰੋਹ ਕਰਾਰ ਦਿੱਤਾ ਹੈ।
 

Credit : www.jagbani.com

  • TODAY TOP NEWS