ਪਟਨਾ: ਬਿਹਾਰ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਵਾਲਿਆਂ ਲਈ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਕ ਮੀਡੀਆ ਅਦਾਰੇ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਪਟਨਾ ਸਮੇਤ ਕਈ ਇਲਾਕਿਆਂ ਦੇ ਹੋਟਲਾਂ ਵਿੱਚ ਤੰਦੂਰੀ ਰੋਟੀ ਅਤੇ ਚਿਕਨ ਪਕਾਉਣ ਲਈ ਸ਼ਮਸ਼ਾਨ ਘਾਟ ਤੋਂ ਲਿਆਂਦੇ ਚਿਤਾ ਦੇ ਕੋਲੇ ਦੀ ਵਰਤੋਂ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਆਈ ਕਮੀ ਕਾਰਨ ਹੋਟਲ ਮਾਲਕਾਂ ਨੇ ਇਸ ਖ਼ਤਰਨਾਕ ਰਸਤੇ ਨੂੰ ਚੁਣਿਆ ਹੈ। ਬਾਜ਼ਾਰ ਵਿੱਚ ਤਾਜ਼ਾ ਲੱਕੜ ਦਾ ਕੋਲਾ ਲਗਭਗ 25 ਰੁਪਏ ਪ੍ਰਤੀ ਕਿੱਲੋ ਮਿਲਦਾ ਹੈ, ਜਦੋਂ ਕਿ ਸ਼ਮਸ਼ਾਨ ਤੋਂ ਮਿਲਣ ਵਾਲਾ ਇਹ ਕੋਲਾ ਸਿਰਫ਼ 6 ਤੋਂ 9 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਏਜੰਟਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ।
ਕਿਵੇਂ ਚੱਲ ਰਿਹਾ ਹੈ ਇਹ ਕਾਲਾ ਧੰਦਾ?
ਪਟਨਾ ਦੇ ਬਾਂਸ ਘਾਟ ਅਤੇ ਗੁਲਬੀ ਘਾਟ ਵਰਗੇ ਸਥਾਨਾਂ 'ਤੇ ਸਰਗਰਮ ਏਜੰਟਾਂ ਨੇ ਦੱਸਿਆ ਕਿ ਉਹ ਚਿਤਾ ਦੀ ਅੱਗ ਨੂੰ ਪੂਰੀ ਤਰ੍ਹਾਂ ਬੁਝਣ ਤੋਂ ਪਹਿਲਾਂ ਹੀ ਪਾਣੀ ਪਾ ਕੇ ਬੁਝਾ ਦਿੰਦੇ ਹਨ ਅਤੇ ਫਿਰ ਉਸ ਵਿੱਚੋਂ ਕੋਲਾ ਕੱਢ ਲੈਂਦੇ ਹਨ। ਏਜੰਟਾਂ ਦੱਸਦੇ ਹਨ ਕਿ ਰੋਜ਼ਾਨਾ ਪਟਨਾ ਦੇ 5 ਘਾਟਾਂ ਤੋਂ ਲਗਭਗ 400 ਕਿੱਲੋ ਕੋਲਾ ਨਿਕਲਦਾ ਹੈ।
ਕੋਲੇ ਦੀਆਂ ਦੋ ਕਿਸਮਾਂ ਹਨ: ਇੱਕ 'ਮਿਕਸ' (600 ਰੁਪਏ ਬੋਰੀ) ਜਿਸ ਵਿੱਚ ਹੱਡੀਆਂ ਦੇ ਟੁਕੜੇ ਹੋ ਸਕਦੇ ਹਨ, ਅਤੇ ਦੂਜਾ 'ਚੁਣਿਆ ਹੋਇਆ' (1000 ਰੁਪਏ ਬੋਰੀ) ਜਿਸ ਵਿੱਚੋਂ ਹੱਡੀਆਂ ਕੱਢ ਦਿੱਤੀਆਂ ਜਾਂਦੀਆਂ ਹਨ।
ਏਜੰਟਾਂ ਦਾ ਦਾਅਵਾ ਹੈ ਕਿ ਤੰਦੂਰ ਵਿੱਚ ਜਲਣ ਵੇਲੇ ਮਾਸ ਦੀ ਮਹਿਕ ਵਿੱਚ ਇਸ ਕੋਲੇ ਦੀ ਗੰਧ ਦਾ ਪਤਾ ਨਹੀਂ ਲੱਗਦਾ। ਕੈਂਸਰ ਰੋਹ ਮਾਹਿਰ ਡਾਕਟਰਾਂ ਨੇ ਇਸ ਪ੍ਰਤੀ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਅਨੁਸਾਰ, ਅਜਿਹੇ ਅਸ਼ੁੱਧ ਕੋਲੇ 'ਤੇ ਪਕਾਇਆ ਖਾਣਾ ਖਾਣ ਨਾਲ ਕੈਂਸਰ (PAHs), ਦਿਲ ਦੇ ਰੋਗ, ਫੇਫੜਿਆਂ ਦੀਆਂ ਬਿਮਾਰੀਆਂ ਅਤੇ ਜ਼ਹਿਰ ਫੈਲਣ ਦਾ ਖਤਰਾ ਵਧ ਜਾਂਦਾ ਹੈ। ਇਸ ਕੋਲੇ ਵਿੱਚ ਮੌਜੂਦ ਆਰਸੈਨਿਕ, ਪਾਰਾ ਅਤੇ ਸਿੱਕਾ ਵਰਗੇ ਘਾਤਕ ਤੱਤ ਗੁਰਦੇ ਅਤੇ ਲਿਵਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।
Credit : www.jagbani.com