'ਆਪ' ਦੀ ਭ੍ਰਿਸ਼ਟ ਸਰਕਾਰ ਨੇ 'ਰੰਗਲਾ' ਕਹਿ ਕੇ 'ਕੰਗਲਾ' ਬਣਾ ਦਿੱਤਾ ਪੰਜਾਬ: ਨਾਇਬ ਸੈਣੀ

'ਆਪ' ਦੀ ਭ੍ਰਿਸ਼ਟ ਸਰਕਾਰ ਨੇ 'ਰੰਗਲਾ' ਕਹਿ ਕੇ 'ਕੰਗਲਾ' ਬਣਾ ਦਿੱਤਾ ਪੰਜਾਬ: ਨਾਇਬ ਸੈਣੀ

ਲਹਿਰਾਗਾਗਾ (ਵੈੱਬ ਡੈਸਕ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਦੌਰੇ ਦੌਰਾਨ ਲਹਿਰਾਗਾਗਾ ਪਹੁੰਚੇ। ਇਸ ਮੌਕੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭ੍ਰਿਸ਼ਟ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਹੀ ਪੰਜਾਬ ਦੇ ਇਕ ਸਰਕਾਰੀ ਅਫ਼ਸਰ ਨੇ ਇਨ੍ਹਾਂ ਦੇ ਇਕ ਮੰਤਰੀ 'ਤੇ ਦੋਸ਼ ਲਗਾ ਕੇ ਖ਼ੁਦਕੁਸ਼ੀ ਕਰ ਲਈ, ਜਿਸ ਮੰਤਰੀ ਨੇ ਹੁਣ ਅਸਤੀਫ਼ਾ ਦੇ ਦਿੱਤਾ ਹੈ। ਮੰਤਰੀ ਨੇ ਉਸ ਅਫ਼ਸਰ 'ਤੇ ਇਕ ਟੈਂਡਰ ਲਈ ਇੰਨਾ ਦਬਾਅ ਪਾਇਆ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ। 

ਨਾਇਬ ਸਿੰਘ ਸੈਣੀ ਨੇ ਆਖ਼ਿਆ ਕਿ 'ਆਪ' ਨੇ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਪਹਿਲਾਂ ਵੱਡੇ-ਵੱਡੇ ਸੁਫ਼ਨੇ ਦਿਖਾਏ ਸੀ, ਪਰ ਅੱਜ ਜਨਤਾ ਨੂੰ ਆਪਣੀਆਂ ਮੁਢਲੀਆਂ ਜ਼ਰੂਰਤਾਂ ਲਈ ਭੁੱਖ ਹੜਤਾਲ ਅਤੇ ਧਰਨੇ ਦੇਣੇ ਪੈ ਰਹੇ ਹਨ। ਇਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਵਿਚ ਧੱਕਣ ਦਾ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ 'ਤੇ ਵ੍ਹਾਈਟ ਪੇਪਰ ਜਾਰੀ ਕਰੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਦਾ ਕੰਮ ਸਿਰਫ਼ ਕੇਂਦਰ ਸਰਕਾਰ 'ਤੇ ਦੋਸ਼ ਮੜ੍ਹਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ, ਇਹ ਅੱਜ ਦੱਸਣ ਕਿ ਕਿੰਨੇ ਮੈਡੀਕਲ ਕਾਲਜ ਹੁਣ ਤਕ ਖੋਲ੍ਹ ਚੁੱਕੇ ਹਨ?

ਨਾਇਬ ਸਿੰਘ ਸੈਣੀ ਨੇ ਆਖਿਆ ਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਜਿਹੜੀ ਸਰਕਾਰ ਜਨਤਾ ਦੀਆਂ ਮੁਢਲੀਆਂ ਲੋੜਾਂ ਨੂੰ ਭੁੱਲ ਕੇ ਸਿਰਫ਼ ਇਸ਼ਤਿਹਾਰਾਂ ਵਿਚ ਚਮਕ ਰਹੀ ਹੈ, ਉਸ ਨੂੰ ਸੱਤਾ ਵਿਚ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਹੈ। ਅੱਜ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਨਾਮੋ-ਨਿਸ਼ਾਨ ਨਹੀਂ ਹੈ। ਗੈਂਗਸਟਰਾਂ ਨੇ ਵਪਾਰੀਆਂ ਤੇ ਆਮ ਲੋਕਾਂ ਦਾ ਜਿਊਣਾ ਦੂਭਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਗੈਂਗਸਟਰਾਂ ਨੂੰ ਕਾਨੂੰਨ ਦਾ ਡਰ ਨਹੀਂ ਹੋਵੇਗਾ, ਉਦੋਂ ਤਕ ਪੰਜਾਬ ਵਿਚ ਨਵਾਂ ਨਿਵੇਸ਼ ਨਹੀਂ ਆਵੇਗਾ ਤੇ ਬਿਨਾਂ ਨਿਵੇਸ਼ ਦੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲੇਗਾ। ਇਸ ਲਈ ਪੰਜਾਬ ਨੂੰ ਇਕ ਚੰਗੀ ਸਰਕਾਰ ਦੀ ਲੋੜ ਹੈ। ਉਨ੍ਹਾਂ ਨੇ ਹਰਿਆਣਾ ਵਿਚ ਕੀਤੇ ਕੰਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਵੀ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ, ਤਾਂ ਜੋ ਉਨ੍ਹਾਂ ਨੂੰ ਵੀ ਅਜਿਹੀਆਂ ਲੋਕ ਪੱਖੀ ਸਕੀਮਾਂ ਦਾ ਲਾਭ ਮਿਲ ਸਕੇ। 

Credit : www.jagbani.com

  • TODAY TOP NEWS