ਤਲਵਾੜਾ- ਬਿਆਸ ਦਰਿਆ ਦੇ ਕੰਢੇ ਵੱਸਦੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲ ਸਰੋਤ ਵਿਭਾਗ ਦੇ ਤਲਵਾੜਾ ਕੈਨਾਲ ਡਿਵੀਜ਼ਨ ਵੱਲੋਂ ਇਕ ਅਹਿਮ ਐਡਵਾਈਜ਼ਰੀ ਜਾਰੀ ਕਰਦਿਆਂ ਬਿਆਸ ਦਰਿਆ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁਕੇਰੀਆਂ ਹਾਈਡਲ ਚੈਨਲ ਦੀ ਵੱਡੇ ਪੱਧਰ 'ਤੇ ਮੁਰੰਮਤ ਕਾਰਨ 23 ਮਾਰਚ ਤੋਂ 24 ਅਪ੍ਰੈਲ ਤੱਕ ਨਹਿਰ ਦੀ ਬੰਦੀ ਦਾ ਐਲਾਨ ਕੀਤਾ ਗਿਆ ਹੈ। ਕਾਰਜਕਾਰੀ ਇੰਜੀਨੀਅਰ ਵੱਲੋਂ ਜਾਰੀ ਪੱਤਰ ਅਨੁਸਾਰ ਨਹਿਰ ਦੀ ਮੁਰੰਮਤ ਦੌਰਾਨ ਮੁਕੇਰੀਆਂ ਹਾਈਡਲ ਚੈਨਲ ਵਿੱਚ ਪਾਣੀ ਦੀ ਨਿਕਾਸੀ ਸੀਮਤ ਰਹੇਗੀ। ਇਸ ਦੇ ਸਿੱਟੇ ਵਜੋਂ ਪੌਂਗ ਡੈਮ ਪਾਵਰ ਹਾਊਸਾਂ ਤੋਂ ਨਿਕਲਣ ਵਾਲਾ ਸਾਰਾ ਪਾਣੀ ਸ਼ਾਹ ਨਹਿਰ ਬੈਰਾਜ ਰਾਹੀਂ ਸਿੱਧਾ ਮੁੱਖ ਬਿਆਸ ਦਰਿਆ ਵਿੱਚ ਮੋੜ ਦਿੱਤਾ ਜਾਵੇਗਾ।

ਖ਼ਾਸ ਕਰਕੇ ਬਿਜਲੀ ਉਤਪਾਦਨ ਦੇ ਵੱਧ ਸਮੇਂ ਦੌਰਾਨ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਬੀ. ਬੀ. ਐੱਮ. ਬੀ. ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਤਹਿਤ ਡੀ. ਸੀ. ਕਾਂਗੜਾ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਨੂੰ ਹੁਕਮ ਜਾਰੀ ਕੀਤੇ ਹਨ ਕਿ ਦਰਿਆ ਦੇ ਨੇੜਲੇ ਪਿੰਡਾਂ ਵਿੱਚ ਮੁਨਾਦੀ ਕਰਵਾਈ ਜਾਵੇ ਅਤੇ ਲੋਕਾਂ ਨੂੰ ਸੁਚੇਤ ਕੀਤਾ ਜਾਵੇ।

ਕਿਸੇ ਵੀ ਵਿਅਕਤੀ ਜਾਂ ਪਸ਼ੂਆਂ ਨੂੰ ਦਰਿਆ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਜਾਣ ਦੀ ਆਗਿਆ ਨਾ ਦਿੱਤੀ ਜਾਵੇ। ਹਿਮਾਚਲ ਪ੍ਰਦੇਸ਼ ਦੇ ਸਿਵਲ, ਸਿੰਚਾਈ ਅਤੇ ਹੜ੍ਹ ਰੋਕੂ ਵਿਭਾਗਾਂ ਨੂੰ ਵੀ ਤਿਆਰ ਰਹਿਣ ਲਈ ਸੂਚਿਤ ਕਰ ਦਿੱਤਾ ਗਿਆ ਹੈ । ਉਨ੍ਹਾਂ ਬਿਆਸ ਦਰਿਆ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਗਲੇ ਇੱਕ ਮਹੀਨੇ ਤੱਕ ਦਰਿਆ ਦੇ ਨੇੜੇ ਜਾਣ ਤੋਂ ਗੁਰੇਜ਼ ਕਰਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com