ਜਲੰਧਰ- ਪੰਜਾਬ ਸਰਕਾਰ ਦੇ ਮੰਤਰੀ ਮਹਿੰਦਰ ਭਗਤ ਦੇ ਪੁੱਤਰ ਅਤੁਲ ਭਗਤ ਦੀ ਇਕ ਸੋਸ਼ਲ ਮੀਡੀਆ ਪੋਸਟ ਨੇ ਪੰਜਾਬ ਦੀ ਰਾਜਨੀਤੀ 'ਚ ਨਵਾਂ ਵਿਵਾਦ ਛੇੜ ਦਿੱਤਾ ਹੈ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 'ਸ਼ਹੀਦੀ ਦਿਵਸ' ਦੇ ਮੌਕੇ 'ਤੇ ਅਤੁਲ ਭਗਤ ਨੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦਾ 'ਜਨਮ ਦਿਨ' ਕਹਿ ਕੇ ਸ਼ਰਧਾਂਜਲੀ ਦੇ ਦਿੱਤੀ। ਉਥੇ ਹੀ ਇਸ ਮਾਮਲੇ ਵਿਚ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਅਤੇ ਭਗਤ ਸਿੰਘ ਦੇ ਪ੍ਰਸ਼ੰਸਕ ਮਨੀਸ਼ ਰਾਜਪੂਤ ਨੇ ਇਸ ਭੁੱਲ ਦੀ ਤਿੱਖੀ ਆਲੋਚਨਾ ਕੀਤੀ ਹੈ। ਸ਼ੀਤਲ ਅੰਗੁਰਾਲ ਨੇ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਦੋਵਾਂ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਸ਼ਹੀਦਾਂ ਦਾ ਅਪਮਾਨ ਅਤੇ ਮਾਨਸਿਕ ਦੀਵਾਲੀਆਪਨ ਕਰਾਰ ਦਿੱਤਾ ਹੈ।

ਸ਼ਰਧਾਂਜਲੀ ਦੇਣ ਪਹੁੰਚੇ ਮਨੀਸ਼ ਰਾਜਪੂਤ ਨੇ ਕਿਹਾ ਕਿ ਉਨ੍ਹਾਂ ਅੱਜ ਸਵੇਰੇ ਆਪਣੇ ਖ਼ੂਨ ਨਾਲ ਭਗਤ ਸਿੰਘ ਦੀ ਮੂਰਤੀ 'ਤੇ ਤਿਲਕ ਲਗਾਇਆ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਜਿਹੇ ਵਿਚ ਕੈਬਨਿਟ ਮੰਤਰੀ ਦੇ ਬੇਟੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਸ਼ਹੀਦੀ ਦਿਵਸ ਨੂੰ ਜਨਮ ਦਿਵਸ ਕਹਿ ਦਿੱਤਾ। ਮਨੀਸ਼ ਨੇ ਕਿਹਾ ਕਿ ਇਸ ਪੋਸਟ ਨੂੰ ਲੈ ਕੇ ਉਸ ਦੇ ਮਨ ਨੂੰ ਕਾਫ਼ੀ ਠੇਸ ਪਹੁੰਚੀ ਹੈ। ਮਹਾਨ ਕ੍ਰਾਂਤੀਕਾਰੀ ਦਾ ਸਤਿਕਾਰ ਕਰਨ ਦੀ ਜਗ੍ਹਾ ਉਨ੍ਹਾਂ ਦੀ ਅਤੁਲ ਭਗਤ ਨੇ ਬੇਅਦਬੀ ਕੀਤੀ ਹੈ। ਮਨੀਸ਼ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੋਸਟ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਬੁੱਤ ਦੇ ਸਾਹਮਣੇ ਭੁੱਖ ਹੜਤਾਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਤੋਂ ਬਹੁਤ ਦੁਖ਼ੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰ ਸਕਦੇ ਹਨ ਪਰ ਉਹ ਸ਼ਹੀਦ ਭਗਤ ਸਿੰਘ ਲਈ ਇਨਸਾਫ਼ ਦੀ ਮੰਗ ਕਰਨਗੇ।

ਅਤੁਲ ਭਗਤ ਨੇ ਆਪਣੀ ਪੋਸਟ 'ਚ ਪੰਜਾਬੀ 'ਚ ਲਿਖਿਆ, ''ਅੱਜ, ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 'ਤੇ ਅਸੀਂ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ।" ਉਨ੍ਹਾਂ ਅੱਗੇ ਲਿਖਿਆ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਕੁਰਬਾਨ ਕਰ ਦਿੱਤੀ ਅਤੇ ਉਨ੍ਹਾਂ ਦੀ ਕੁਰਬਾਨੀ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਇਸ ਮਾਮਲੇ ਨੂੰ ਲੈ ਕੇ ਮੰਤਰੀ ਦੇ ਪਰਿਵਾਰ 'ਤੇ ਵਰ੍ਹਦਿਆਂ ਕਿਹਾ ਕਿ ਜਲੰਧਰ ਪੱਛਮੀ ਦੇ ਵਿਧਾਇਕ ਅਤੇ ਮੰਤਰੀ ਮਹਿੰਦਰ ਭਗਤ ਇਕੱਲੇ ਭੁੱਲਣਹਾਰ ਨੇਤਾ ਨਹੀਂ ਹਨ, ਸਗੋਂ ਉਨ੍ਹਾਂ ਦਾ ਪੁੱਤਰ ਅਤੁਲ ਭਗਤ, ਜੋ ਆਪਣੇ ਆਪ ਨੂੰ "ਸੁਪਰ ਮੰਤਰੀ" ਸਮਝਦਾ ਹਨ, ਉਹ ਵੀ ਤੱਥਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ।

ਸ਼ੀਤਲ ਅੰਗੁਰਾਲ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਸਰਕਾਰ ਦੇ ਉੱਚ ਅਹੁਦਿਆਂ 'ਤੇ ਬੈਠੇ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦੇ ਜਨਮ ਦਿਨ ਅਤੇ ਸ਼ਹੀਦੀ ਦਿਵਸ ਵਿੱਚ ਅੰਤਰ ਨੂੰ ਨਹੀਂ ਸਮਝਦੇ। ਉਨ੍ਹਾਂ ਨੇ ਇਸ ਨੂੰ ਇਕ ਮਾਨਸਿਕ ਬੀਮਾਰੀ ਦੱਸਿਆ ਅਤੇ ਕਿਹਾ ਕਿ ਅਜਿਹੇ ਲੋਕ ਇਤਿਹਾਸ ਅਤੇ ਸ਼ਹੀਦਾਂ ਦੇ ਮਾਣ ਨੂੰ ਢਾਹ ਲਗਾ ਰਹੇ ਹਨ। ਇਸ ਪੋਸਟ ਦੀ ਰਾਜਨੀਤਿਕ ਹਲਕਿਆਂ 'ਚ ਵਿਆਪਕ ਆਲੋਚਨਾ ਹੋਈ ਹੈ। ਲੋਕ ਕਹਿ ਰਹੇ ਹਨ ਕਿ 23 ਸਾਲ ਦੀ ਉਮਰ 'ਚ ਦੇਸ਼ ਲਈ ਫਾਂਸੀ ਦਿੱਤੇ ਗਏ ਇਕ ਕ੍ਰਾਂਤੀਕਾਰੀ ਦੇ ਸ਼ਹੀਦੀ ਦਿਵਸ ਨੂੰ ਜਨਮ ਦਿਨ ਕਹਿਣਾ ਨਾ ਸਿਰਫ਼ ਅਣਦੇਖਾ ਹੈ ਸਗੋਂ ਉਨ੍ਹਾਂ ਮਹਾਨ ਸਪੂਤਾਂ ਦੀ ਸ਼ਹਾਦਤ ਦਾ ਨਿਰਾਦਰ ਵੀ ਹੈ। ਇਸ ਵਿਵਾਦ ਤੋਂ ਬਾਅਦ ਮੰਤਰੀ ਦੇ ਪੁੱਤਰ ਨੂੰ ਹੁਣ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com