ਸਾਡੀ ਸਖ਼ਤ ਚੇਤਾਵਨੀ ਮਗਰੋਂ ਟਰੰਪ ਨੇ ਬਦਲਿਆ ਪਲਾਨ, ਈਰਾਨ ਦਾ ਵੱਡਾ ਦਾਅਵਾ

ਸਾਡੀ ਸਖ਼ਤ ਚੇਤਾਵਨੀ ਮਗਰੋਂ ਟਰੰਪ ਨੇ ਬਦਲਿਆ ਪਲਾਨ, ਈਰਾਨ ਦਾ ਵੱਡਾ ਦਾਅਵਾ

ਦੁਬਈ/ਤਹਿਰਾਨ (ਭਾਸ਼ਾ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਅਚਾਨਕ ਐਲਾਨ ਕੀਤਾ ਕਿ ਉਹ ਈਰਾਨ 'ਤੇ ਹਮਲਾ ਕਰਨ ਦੀ ਆਪਣੀ ਯੋਜਨਾ ਨੂੰ ਮੁਲਤਵੀ ਕਰ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਈਰਾਨ ਦੇ ਪਾਵਰ ਪਲਾਂਟਾਂ 'ਤੇ ਕੀਤੇ ਜਾਣ ਵਾਲੇ ਹਮਲਿਆਂ ਨੂੰ ਅਗਲੇ 5 ਦਿਨਾਂ ਲਈ ਮੁਲਤਵੀ ਕਰ ਰਹੇ ਹਨ। ਟਰੰਪ ਦੇ ਇਸ ਬਿਆਨ ਮਗਰੋਂ ਈਰਾਨ ਨੇ ਵੱਡਾ ਦਾਅਵਾ ਕੀਤਾ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਫ਼ੈਸਲੇ 'ਤੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲ੍ਹਣ ਦੀ ਸਮਾਂ ਸੀਮਾ ਪੰਜ ਦਿਨ ਵਧਾਉਣ ਦੀ ਗੱਲ ਕਹੀ ਹੈ।

48 ਘੰਟੇ ਦੀ ਸਮਾਂ ਸੀਮਾ ਮੰਗਲਵਾਰ ਨੂੰ ਭਾਰਤੀ ਸਮੇਂ ਮੁਤਾਬਕ ਸਵੇਰੇ 6 ਵਜੇ (ਲਗਭਗ 0000 GMT 'ਤੇ ) ਪੂਰੀ ਹੋਣੀ ਸੀ। ਇਸ ਤੋਂ ਪਹਿਲਾਂ ਹੀ ਟਰੰਪ ਨੇ ਕਿਹਾ ਹੈ ਕਿ ਉਸਨੇ ਇਸ ਯੋਜਨਾ ਨੂੰ ਪੰਜ ਦਿਨ ਵਧਾ ਦਿੱਤਾ ਹੈ।ਇਸ  ਖ਼ਬਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਸਕ੍ਰੀਨ 'ਤੇ ਇੱਕ ਗ੍ਰਾਫਿਕ ਵਿੱਚ ਕਿਹਾ: "ਈਰਾਨ ਦੀ ਸਖ਼ਤ ਚੇਤਾਵਨੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਪਿੱਛੇ ਹਟ ਗਏ ਹਨ।"

ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਪਿਛਲੇ 2 ਦਿਨਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਪਰ ਈਰਾਨੀ ਮੀਡੀਆ ਅਨੁਸਾਰ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੋਈ ਸਿੱਧੀ ਜਾਂ ਅਸਿੱਧੀ ਗੱਲਬਾਤ ਨਹੀਂ ਕੀਤੀ ਹੈ। ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਇੱਕ ਅਣਜਾਣ ਸਰੋਤ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਟਰੰਪ ਨੇ ਉਦੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਜਦੋਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ  ਕਿ ਈਰਾਨ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਚੱਲ ਰਹੀ ਗੱਲਬਾਤ ਦਾ ਸੰਕੇਤ ਦਿੱਤਾ ਸੀ, ਪਰ ਈਰਾਨੀ ਪੱਖ ਨੇ ਅਜਿਹੇ ਕਿਸੇ ਵੀ ਸੰਪਰਕ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਅਮਰੀਕੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- 'ਜ਼ਮੀਨੀ ਹਮਲਾ ਹੋਇਆ ਤਾਂ ਫ਼ਾਰਸ ਦੀ ਖਾੜੀ 'ਚ......' ; ਈਰਾਨ ਦੀ ਅਮਰੀਕਾ ਤੇ ਇਜ਼ਰਾਈਲ ਨੂੰ ਖੁੱਲ੍ਹੀ ਚੇਤਾਵਨੀ

ਅਮਰੀਕੀ ਰਾਸ਼ਟਰਪਤੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ 'ਤੇ ਲਿਖਿਆ, "ਪਿਛਲੇ ਦੋ ਦਿਨਾਂ ਵਿੱਚ ਸਾਡੀ ਈਰਾਨ ਨਾਲ ਬਹੁਤ ਹੀ ਸਕਾਰਾਤਮਕ ਅਤੇ ਲਾਭਕਾਰੀ ਚਰਚਾ ਹੋਈ ਹੈ, ਜਿਸਦਾ ਉਦੇਸ਼ ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਦਾ ਪੂਰਾ ਹੱਲ ਲੱਭਣਾ ਹੈ। ਇਹ ਚਰਚਾਵਾਂ ਪੂਰੇ ਹਫ਼ਤੇ ਜਾਰੀ ਰਹਿਣਗੀਆਂ। ਦੋਵਾਂ ਦੇਸ਼ਾਂ ਵਿਚਕਾਰ ਡੂੰਘਾਈ ਨਾਲ ਅਤੇ ਵਿਸਤ੍ਰਿਤ ਚਰਚਾਵਾਂ ਦੇ ਸਕਾਰਾਤਮਕ ਹੁੰਗਾਰੇ ਨੂੰ ਦੇਖਦੇ ਹੋਏ, ਮੈਂ ਅਮਰੀਕੀ ਰੱਖਿਆ ਵਿਭਾਗ ਨੂੰ ਈਰਾਨੀ ਪਾਵਰ ਪਲਾਂਟਾਂ ਅਤੇ ਊਰਜਾ ਬੁਨਿਆਦੀ ਢਾਂਚੇ 'ਤੇ ਸਾਰੇ ਫੌਜੀ ਹਮਲਿਆਂ ਨੂੰ ਪੰਜ ਦਿਨਾਂ ਲਈ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ।"

ਜ਼ਿਕਰਯੋਗ ਹੈ ਕਿ ਇਰਾਨ ਵੱਲੋਂ ਹਾਰਮੁਜ਼ ਖਾੜੀ ਨੂੰ ਬੰਦ ਕੀਤੇ ਜਾਣ ਮਗਰੋਂ ਟਰੰਪ ਨੇ ਇਰਾਨ ਨੂੰ ਇਸ ਰਸਤੇ ਨੂੰ ਮੁੜ ਖੋਲ੍ਹਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀ ਤੇ ਕਿਹਾ ਕਿ ਜੇਕਰ ਇਰਾਨ ਨੇ ਹਾਰਮੁਜ਼ ਰਸਤਾ ਨਾ ਖੋਲ੍ਹਿਆ ਤਾਂ ਅਮਰੀਕਾ ਇਰਾਨ ਦੇ ਪਾਵਰ ਪਲਾਂਟਾਂ ਨੂੰ ਉਡਾ ਦੇਵੇਗਾ। ਅਜਿਹੀ ਸਥਿਤੀ 'ਚ ਪਾਵਰ ਪਲਾਂਟਾਂ 'ਤੇ ਹਮਲਾ ਨਾ ਕਰਨਾ ਕਿਤੇ ਨਾ ਕਿਤੇ ਦੁਨੀਆ ਭਰ ਲਈ ਰਾਹਤ ਦੀ ਗੱਲ ਹੈ। ਹੁਣ ਦੇਖਣਾ ਹੋਵੇਗਾ ਕਿ ਦੋਵਾਂ ਧਿਰਾਂ ਵਿਚਾਲੇ ਚੱਲ ਰਹੀ ਗੱਲਬਾਤ ਜੰਗ ਨੂੰ ਖ਼ਤਮ ਕਰਦੀ ਹੈ ਜਾਂ ਆਉਣ ਵਾਲੇ ਸਮੇਂ 'ਚ ਹਮਲੇ ਹੋਰ ਤੇਜ਼ ਹੋਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS