"ਪੰਜਾਬ ਦਾ ਰੱਬ ਹੀ ਰਾਖਾ"! ਹਿਰਾਸਤ 'ਚ ਭੁੱਲਰ ਦੀ ਇੰਟਰਵਿਊ 'ਤੇ ਜਾਖੜ ਨੇ ਘੇਰੀ 'ਆਪ' ਸਰਕਾਰ

ਚੰਡੀਗੜ੍ਹ- ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਹੈ। ਜਾਖੜ ਨੇ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਇਹ ਕਦਮ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਡਰ ਕਾਰਨ ਚੁੱਕਣਾ ਪਿਆ ਹੈ।

"ਅਮਿਤ ਸ਼ਾਹ ਇਫੈਕਟ" ਕਾਰਨ ਹੋਈ ਗ੍ਰਿਫ਼ਤਾਰੀ 

ਸੁਨੀਲ ਜਾਖੜ ਨੇ ਇਸ ਕਾਰਵਾਈ ਨੂੰ 'ਅਮਿਤ ਸ਼ਾਹ ਇਫੈਕਟ' ਕਰਾਰ ਦਿੰਦਿਆਂ ਕਿਹਾ ਕਿ ਜਦੋਂ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦਾ ਸੰਕੇਤ ਦਿੱਤਾ, ਤਾਂ ਮਾਨ ਸਰਕਾਰ ਨੂੰ ਭਾਜੜਾਂ ਪੈ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਜਾਣਦੀ ਹੈ ਕਿ ਜੇਕਰ ਸੀ.ਬੀ.ਆਈ. ਨੇ ਜਾਂਚ ਸ਼ੁਰੂ ਕੀਤੀ ਤਾਂ ਇਸ 'ਕੱਟੜ ਬੇਈਮਾਨ' ਸਰਕਾਰ ਦੇ ਕਈ ਅਜਿਹੇ ਰਾਜ਼ ਖੁੱਲ੍ਹ ਸਕਦੇ ਹਨ, ਜਿਨ੍ਹਾਂ ਨਾਲ ਇਹ ਪਤਾ ਲੱਗ ਜਾਵੇਗਾ ਕਿ ਮੰਤਰੀ ਪੈਸੇ ਇਕੱਠੇ ਕਰਕੇ ਕਿੱਥੇ ਭੇਜਦੇ ਸਨ।

ਹਿਰਾਸਤ 'ਚ ਇੰਟਰਵਿਊ 'ਤੇ ਚੁੱਕੇ ਸਵਾਲ 

ਜਾਖੜ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਜੇਲ੍ਹ ਪ੍ਰਬੰਧਾਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ। ਉਨ੍ਹਾਂ ਯਾਦ ਕਰਵਾਇਆ ਕਿ ਜਿਵੇਂ 2023 ਵਿੱਚ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਵਿੱਚੋਂ ਇੰਟਰਵਿਊ ਹੋਇਆ ਸੀ, ਉਸੇ ਤਰ੍ਹਾਂ ਹੁਣ ਹਿਰਾਸਤ ਵਿੱਚ ਹੁੰਦਿਆਂ ਸਾਬਕਾ ਮੰਤਰੀ ਟੀਵੀ ਚੈਨਲਾਂ ਨੂੰ ਇੰਟਰਵਿਊ ਦੇ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਜਿਹੀ ਸਰਕਾਰ ਤੋਂ ਇਨਸਾਫ਼ ਦੀ ਉਮੀਦ ਕੀਤੀ ਜਾ ਸਕਦੀ ਹੈ?
 

PunjabKesari

PunjabKesari

ਭਾਜਪਾ ਆਗੂ ਨੇ ਚਿਤਾਵਨੀ ਦਿੱਤੀ ਕਿ ਅਜੇ ਲੜਾਈ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਜ਼ਰੂਰੀ ਹੈ ਅਤੇ ਸਰਕਾਰ ਜਾਂਚ ਦੇ ਬਹਾਨੇ ਇਸ ਕੇਸ ਨੂੰ ਲਮਕਾਉਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਭਰੇ ਮਨ ਨਾਲ ਕਿਹਾ, "ਪੰਜਾਬ ਦਾ ਰੱਬ ਹੀ ਰਾਖਾ ਹੈ"।

Credit : www.jagbani.com

  • TODAY TOP NEWS