
ਨੱਥੂਵਾਲਾ ਗਰਬੀ (ਰਾਜਵੀਰ ਸਿੰਘ ਭਲੂਰੀਆ) : ਪਿਛਲੇ ਸਾਲ ਪੰਜਾਬ ਦੇ ਮਾਝੇ ਵਿਚ ਹੜ੍ਹਾਂ ਦੀ ਭਿਆਨਕ ਮਾਰ ਨਾਲ ਉਸ ਇਲਾਕੇ ਦੇ ਇੱਟਾਂ ਵਾਲੇ ਭੱਠੇ ਬੁਰੀ ਤਰ੍ਹਾਂ ਬਰਬਾਦ ਹੋ ਗਏ ਸਨ, ਜਿਸ ਨਾਲ ਮਾਲਵੇ ਇਲਾਕੇ ਵਿਚ ਚੱਲਦੇ ਭੱਠਿਆਂ ਵਾਲਿਆਂ ਦੀਆਂ ਮੌਜਾਂ ਲੱਗੀਆਂ ਰਹੀਆਂ ਅਤੇ ਇੱਟਾਂ ਦੀ ਜ਼ਿਆਦਾ ਮੰਗ ਹੋਣ ਕਾਰਨ ਅਤੇ ਪੈਦਾਵਾਰ ਘੱਟ ਹੋਣ ਕਰਕੇ ਜਿਹੜੀ ਇੱਟ 6 ਹਜ਼ਾਰ ਰੁਪਏ ਪ੍ਰਤੀ ਹਜ਼ਾਰ ਦਾ ਰੇਟ ਸੀ, ਉਹ ਅੱਠ ਹਜ਼ਾਰ ਤੱਕ ਪਹੁੰਚ ਗਈ। ਇਸ ਨਾਲ ਘਰ ਬਨਾਉਣ ਦੇ ਸੁਫਨੇ ਲੈਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਅਤੇ ਉਨ੍ਹਾਂ ਦਾ ਘਰ ਬਣਾਉਣ ਦਾ ਸੁਫਨਾ, ਸੁਫਨਾ ਹੀ ਬਣ ਕੇ ਰਹਿ ਗਿਆ ਪਰ ਖਰਾਬ ਮੌਸਮ ਦੇ ਕਾਰਨ ਲੱਗਦਾ ਹੈ, ਘਰ ਬਣਾਉਣ ਦੇ ਚਾਹਵਾਨਾਂ ਦਾ ਸੁਫਨਾ ਅੱਗੇ ਵੀ ਪੂਰਾ ਨਹੀ ਹੋਵੇਗਾ ਕਿਉਂਕਿ ਜਿਹੜੇ ਲੋਕ ਇੱਟਾਂ ਸਸਤੀਆਂ ਹੋਣ ਦੀ ਆਸ ਲਗਾਈ ਬੈਠੇ ਸਨ ਉਨ੍ਹਾਂ ਦੀਆਂ ਆਸਾਂ ‘ਤੇ ਖਰਾਬ ਮੌਸਮ ਨੇ ਪਾਣੀ ਫੇਰ ਦਿੱਤਾ ਹੈ। ਜੇਕਰ ਇਕੱਲੇ ਪਿੰਡ ਭਲੂਰ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਵਿਚ ਛੇ ਇੱਟਾਂ ਵਾਲੇ ਭੱਠੇ ਹਨ, ਜਿਨ੍ਹਾਂ ਕੋਲ ਲੱਖਾਂ ਦੀ ਗਿਣਤੀ ਵਿਚ ਕੱਚੀ ਇੱਟ ਪਥੇਰ ਵਾਲੇ ਪਿੜ ਵਿਚ ਸੁੱਕਣੀ ਪਈ ਸੀ ਪਰ ਪਿਛਲੇ ਦਿਨੀ ਆਈ ਤੂਫਾਨੀ ਬਾਰਿਸ਼ ਅਤੇ ਗੜੇਮਾਰੀ ਨੇ ਜਿੱਥੇ ਵੱਡੀ ਪੱਧਰ 'ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਭੱਠਾ ਮਾਲਕਾਂ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ। ਇਥੇ ਹੀ ਬਸ ਨਹੀਂ, ਪੰਜਾਬ ਵਿਚ ਕਈ ਥਾਈਂ ਇੱਟਾਂ ਦੇ ਭਾਅ 9000 ਤੋਂ 9500 ਤੱਕ ਪ੍ਰਤੀ ਹਜ਼ਾਰ ਇੱਟ ਵਿੱਕ ਰਿਹਾ ਹੈ।

ਪਥੇਰ ਵਿਚ ਪਈ ਹੋਈ ਲੱਖਾਂ ਦੀ ਗਿਣਤੀ 'ਚ ਕੱਚੀ ਇੱਟ ਪਾਣੀ ਨਾਲ ਗਾਰਾ ਬਣ ਚੁੱਕੀ ਹੈ। ਇਸ ਨਾਲ ਭੱਠਾ ਮਾਲਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਲਿਹਾਜ਼ਾ ਉਨ੍ਹਾਂ ਨੂੰ ਦੁਬਾਰਾ ਇੱਟਾਂ ਤਿਆਰ ਕਰਵਾਉਣੀਆਂ ਪੈਣਗੀਆਂ ਜਿਸ ਨਾਲ ਦੁਬਾਰਾ ਲੇਬਰ ਦਾ ਖਰਚਾ ਪਵੇਗਾ। ਇਸ ਤੋਂ ਇਲਾਵਾ ਕੋਲੇ ਦਾ ਮਹਿੰਗਾ ਹੋਣਾ ਅਤੇ ਮਿਡਲ ਈਸਟ ਵਿਚ ਲੜਾਈ ਕਾਰਨ ਭਵਿੱਖ ਵਿਚ ਡੀਜ਼ਲ ਦਾ ਮਹਿੰਗਾ ਹੋਣਾ ਵੀ ਲਾਜ਼ਮੀ ਹੈ । ਇਨ੍ਹਾਂ ਕਾਰਨਾਂ ਦਾ ਸਿੱਧਾ ਅਸਰ ਗਾਹਕ ਦੀ ਜੇਬ ‘ਤੇ ਪੈਣ ਵਾਲਾ ਹੈ। ਇਸ ਨਾਲ ਇੱਟਾਂ ਹੋਰ ਮਹਿੰਗੀਆਂ ਹੋਣਗੀਆਂ ਅਤੇ ਘਰ ਬਣਾਉਣਾ ਔਖਾ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com