ਪੰਜਾਬ: ਸਕੂਲ 'ਚ ਵੜ ਮੁੰਡੇ ਨੇ ਸੁੱਟ 'ਤਾ ਮਹਿਲਾ ਅਧਿਆਪਕ 'ਤੇ ਤੇਜ਼ਾਬ

ਪੰਜਾਬ: ਸਕੂਲ 'ਚ ਵੜ ਮੁੰਡੇ ਨੇ ਸੁੱਟ 'ਤਾ ਮਹਿਲਾ ਅਧਿਆਪਕ 'ਤੇ ਤੇਜ਼ਾਬ

ਗੁਰਦਾਸਪੁਰ- ਜ਼ਿਲ੍ਹਾ ਗੁਰਦਾਸਪੁਰ ਦੇ ਇਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਮਹਿਲਾ ਟੀਚਰ 'ਤੇ ਡਿਊਟੀ ਦੌਰਾਨ ਸਕੂਲ ਦੇ ਅੰਦਰ ਵੜ ਕੇ ਇਕ ਵਿਅਕਤੀ ਵੱਲੋਂ ਤੇਜ਼ਾਬ ਸੁੱਟ ਦਿੱਤਾ ਗਿਆ।  ਜਾਣਕਾਰੀ ਮੁਤਾਬਕ ਤੇਜ਼ਾਬ ਸੁੱਟਣ   ਵਾਲਾ ਵਿਅਕਤੀ ਉਕਤ ਟੀਚਰ ਦਾ ਭਾਣਜਾ ਦੱਸਿਆ ਜਾ ਰਿਹਾ ਹੈ। ਇਸ ਘਟਨਾ 'ਚ ਤੇਜ਼ਾਬ ਕਾਰਨ ਮਹਿਲਾ ਅਧਿਆਪਕ ਝੁਲਸੀ ਹੈ ਅਤੇ ਉੱਥੇ ਹੀ ਤੇਜ਼ਾਬ ਦੇ ਛਿੱਟੇ ਪੈਣ ਕਾਰਨ ਕਲਾਸ 'ਚ ਮੌਜੂਦ ਦੋ ਛੋਟੇ ਵਿਦਿਆਰਥੀ ਵੀ ਜ਼ਖਮੀ ਹੋ ਗਏ।

ਇਸੇ ਸਕੂਲ 'ਚ ਡਿਊਟੀ ਕਰਨ ਵਾਲੀ ਦੂਜੀ ਟੀਚਰ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਪੀੜਤ ਅਧਿਆਪਕਾ ਡਿਊਟੀ 'ਤੇ ਆਪਣੀ ਕਲਾਸ ਰੂਮ 'ਚ ਛੋਟੇ ਬੱਚਿਆਂ ਨੂੰ ਪੜ੍ਹਾ ਰਹੀ ਸੀ। ਇਸ ਦੌਰਾਨ ਅਚਾਨਕ ਇਕ ਨੌਜਵਾਨ ਸਕੂਲ ਕਲਾਸ ਰੂਮ 'ਚ ਦਾਖਲ ਹੋਇਆ ਅਤੇ ਅਧਿਆਪਕਾ 'ਤੇ ਤੇਜ਼ਾਬ ਸੁੱਟ ਫ਼ਰਾਰ ਹੋ ਗਿਆ। ਜਿਸ ਨਾਲ  ਅਧਿਆਪਕਾ ਬੂਰੀ ਤਰ੍ਹਾਂ ਝੁਲਸ ਗਈ, ਜਦਕਿ ਦੋ ਬੱਚੇ ਜੋ ਟੀਚਰ ਦੇ ਨਜ਼ਦੀਕ ਸਨ, ਉਨ੍ਹਾਂ 'ਤੇ ਵੀ ਛਿੱਟੇ ਪੈ ਗਏ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਅਦ ਸਕੂਲ ਵਿਚ ਹਫੜਾ-ਦਫੜੀ ਮੱਚ ਗਈ ਅਤੇ ਅਧਿਆਪਕਾ ਨੂੰ ਇਲਾਜ ਲਈ ਤੁਰੰਤ ਬਟਾਲਾ ਹਸਪਤਾਲ ਭੇਜਿਆ ਗਿਆ। ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਸ ਜ਼ਿਲ੍ਹਾ ਬਟਾਲਾ ਦੇ ਡੀਐੱਸਪੀ ਹਰੀਸ਼ ਬਹਿਲ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਪਾਰਟੀ ਵੱਲੋਂ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ। ਹਮਲਾਵਰ ਨੇ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਫਿਲਹਾਲ ਇਸ 'ਤੇ ਪੁਲਸ ਜਾਂਚ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਕਾਬੂ ਮੁਲਜ਼ਮ ਨੇ ਇਸ ਸੰਬੰਧੀ ਕੁਝ ਨਹੀਂ ਦੱਸਿਆ , ਪਰ ਇਹ ਜ਼ਰੂਰ ਸਾਮਣੇ ਆਇਆ ਹੈ ਕਿ ਉਕਤ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਏਡਜ਼ ਦਾ ਮਰੀਜ਼ ਹੈ । ਉੱਥੇ ਹੀ ਇਸ ਘਟਨਾ 'ਚ ਜ਼ਖ਼ਮੀ ਇਕ ਬੱਚੀ ਦਾ ਇਲਾਜ ਬਟਾਲਾ ਦੇ ਸਿਵਿਲ ਹਸਪਤਾਲ 'ਚ ਚੱਲ ਰਿਹਾ ਹੈ ਅਤੇ ਬੱਚੇ ਦੇ ਪਰਿਵਾਰਕ ਮੈਂਬਰਾ ਅਤੇ ਡਿਊਟੀ ਮੈਡੀਕਲ ਅਫ਼ਸਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਬੱਚੀ ਦੀਆਂ ਅੱਖਾ 'ਚ ਤੇਜ਼ਾਬ ਨੇ ਨੁਕਸਾਨ ਕੀਤਾ ਹੈ ਅਤੇ ਉਹ ਇਲਾਜ ਅਧੀਨ ਹੈ । 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

 

Credit : www.jagbani.com

  • TODAY TOP NEWS