ਤ੍ਰਿਸ਼ੂਰ : ਕੇਰਲ ਦੇ ਮੁੰਦਥਿੱਕੋਡ ਵਿੱਚ ਮੰਗਲਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਦੀ ਖ਼ਬਰ ਹੈ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਬੁਰੀ ਤਰ੍ਹਾਂ ਝੁਲਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ 5 ਜ਼ਖਮੀਆਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ, ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫੈਕਟਰੀ ਵਿੱਚ ਤ੍ਰਿਸ਼ੂਰ ਪੂਰਮ ਉਤਸਵ ਲਈ ਇੱਕ ਮੰਦਰ ਦੇਵਸਵੋਮ ਵੱਲੋਂ ਪਟਾਕੇ ਤਿਆਰ ਕਰਵਾਏ ਜਾ ਰਹੇ ਸਨ। ਧਮਾਕੇ ਦੇ ਸਮੇਂ ਸ਼ੈੱਡ ਵਿੱਚ ਲਗਭਗ 40 ਮਜ਼ਦੂਰ ਮੌਜੂਦ ਸਨ। ਇਹ ਪਟਾਕੇ ਝੋਨੇ ਦੇ ਖੇਤਾਂ ਦੇ ਵਿਚਕਾਰ ਇੱਕ ਸੁੰਨਸਾਨ ਇਲਾਕੇ ਵਿੱਚ ਬਣੇ ਅਸਥਾਈ ਸ਼ੈੱਡਾਂ ਵਿੱਚ ਬਣਾਏ ਜਾ ਰਹੇ ਸਨ।
ਧਮਾਕਾ ਦੁਪਹਿਰ ਕਰੀਬ 3:30 ਵਜੇ ਹੋਇਆ ਅਤੇ ਸਥਾਨਕ ਲੋਕਾਂ ਮੁਤਾਬਕ ਇਸ ਤੋਂ ਬਾਅਦ ਵੀ ਰੁਕ-ਰੁਕ ਕੇ ਕਈ ਛੋਟੇ ਧਮਾਕੇ ਹੁੰਦੇ ਰਹੇ। ਇਨ੍ਹਾਂ ਲਗਾਤਾਰ ਹੋ ਰਹੇ ਵਿਸਫੋਟਾਂ ਕਾਰਨ ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਨੂੰ ਰਾਹਤ ਕਾਰਜ ਚਲਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਕਰਮਚਾਰੀ ਮਾਮੂਲੀ ਸੱਟਾਂ ਨਾਲ ਉੱਥੋਂ ਭੱਜਣ ਵਿੱਚ ਕਾਮਯਾਬ ਰਹੇ।
ਰਾਜ ਦੀ ਸਿਹਤ ਮੰਤਰੀ ਵੀਣਾ ਜਾਰਜ ਨੇ ਹਾਦਸੇ ਦਾ ਿਸ ਲੈਂਦਿਆਂ ਜ਼ਖਮੀਆਂ ਲਈ ਵਿਸ਼ੇਸ਼ ਇਲਾਜ ਦੇ ਨਿਰਦੇਸ਼ ਦਿੱਤੇ ਹਨ ਅਤੇ ਮੈਡੀਕਲ ਕਾਲਜਾਂ ਵਿੱਚ ਸਾਰੇ ਜ਼ਰੂਰੀ ਪ੍ਰਬੰਧ ਕਰਨ ਲਈ ਕਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।
Credit : www.jagbani.com