ਇੰਟਰਨੈਸ਼ਨਲ ਡੈਸਕ- ਇਰਾਨ-ਅਮਰੀਕਾ ਦੇ ਤਣਾਅ ਕਾਰਨ ਦੁਨੀਆ ਭਰ 'ਚ ਤੇਲ-ਗੈਸ ਦੀ ਕਿੱਲਤ ਦੇਖੀ ਜਾ ਰਹੀ ਹੈ, ਉੱਥੇ ਹੀ ਇਸ ਦਾ ਸਭ ਤੋਂ ਵੱਧ ਅਸਰ ਗੁਆਂਢੀ ਦੇਸ਼ ਪਾਕਿਸਤਾਨ 'ਤੇ ਦਿਖਾਈ ਦੇ ਰਿਹਾ ਹੈ। ਪਾਕਿਸਤਾਨ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਆਰਥਿਕ ਦੌਰ 'ਚੋਂ ਗੁਜ਼ਰ ਰਿਹਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਕਰਾਚੀ ਅਤੇ ਖੈਬਰ ਪਖਤੂਨਖਵਾ ਦੇ ਕਈ ਇਲਾਕਿਆਂ ਵਿੱਚ ਰਸੋਈ ਗੈਸ ਦੀ ਇੰਨੀ ਕਿੱਲਤ ਹੋ ਗਈ ਹੈ ਕਿ ਲੋਕ ਗੈਸ ਨੂੰ ਸਿਲੰਡਰਾਂ ਦੀ ਬਜਾਏ ਵੱਡੇ ਪਲਾਸਟਿਕ ਦੇ ਬੈਗਾਂ ਅਤੇ ਗੁਬਾਰਿਆਂ ਵਿੱਚ ਭਰ ਕੇ ਘਰਾਂ ਨੂੰ ਲੈ ਜਾ ਰਹੇ ਹਨ।
ਇਸ ਮਾਮਲੇ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਪਲਾਸਟਿਕ ਦੇ ਵੱਡੇ ਲਿਫਾਫਿਆਂ 'ਚ ਗੈਸ ਭਰਵਾ ਕੇ ਉਸ ਦੇ ਮੂੰਹ 'ਤੇ ਇੱਕ ਵਾਲਵ ਅਤੇ ਨੋਜ਼ਲ ਲਗਾ ਦਿੰਦੇ ਹਨ। ਇਸ 'ਚੋਂ ਗੈਸ ਲੀਕ ਹੋਣ ਜਾਂ ਧਮਾਕਾ ਹੋਣ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਗੈਸ ਸਿਲੰਡਰਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ ਅਤੇ ਬਾਜ਼ਾਰ ਵਿੱਚ ਸਿਲੰਡਰ ਮਿਲ ਨਹੀਂ ਰਹੇ। ਗਰੀਬ ਲੋਕਾਂ ਕੋਲ ਖਾਣਾ ਪਕਾਉਣ ਲਈ ਅਜਿਹੇ ਖ਼ਤਰਨਾਕ ਕਦਮ ਚੁੱਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਸੁਰੱਖਿਆ ਮਾਹਿਰਾਂ ਨੇ ਇਸ ਨੂੰ "ਚਲਦੇ-ਫਿਰਦੇ ਬੰਬ" ਕਰਾਰ ਦਿੱਤਾ ਹੈ। ਕਿਸੇ ਵੀ ਛੋਟੀ ਜਿਹੀ ਚੰਗਿਆੜੀ ਨਾਲ ਇਹ ਬੈਗ ਫਟ ਸਕਦੇ ਹਨ, ਜਿਸ ਨਾਲ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਪਾਕਿਸਤਾਨ ਕੋਲ ਵਿਦੇਸ਼ੀ ਮੁਦਰਾ ਭੰਡਾਰ ਦੀ ਭਾਰੀ ਕਮੀ ਹੈ, ਜਿਸ ਕਾਰਨ ਉਹ ਕੌਮਾਂਤਰੀ ਬਾਜ਼ਾਰ ਤੋਂ ਤੇਲ ਅਤੇ ਗੈਸ ਖਰੀਦਣ ਵਿੱਚ ਵੀ ਅਸਮਰੱਥ ਹੈ।
ਗੈਸ ਕੰਪਨੀਆਂ ਦਾ ਕਹਿਣਾ ਹੈ ਕਿ ਪਾਈਪਲਾਈਨਾਂ ਅਤੇ ਸਿਲੰਡਰਾਂ ਦਾ ਸਪਲਾਈ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਪਾਕਿਸਤਾਨ ਵਿੱਚ ਮਹਿੰਗਾਈ ਦਰ 30 ਫ਼ੀਸਦੀ ਨੂੰ ਵੀ ਪਾਰ ਕਰ ਗਈ ਹੈ, ਜਿਸ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਬੁਨਿਆਦੀ ਸਹੂਲਤਾਂ ਵੀ ਬਾਹਰ ਹੋ ਗਈਆਂ ਹਨ।
ਹਾਲਾਂਕਿ ਪੁਲਸ ਨੇ ਕਈ ਥਾਵਾਂ 'ਤੇ ਅਜਿਹੇ ਗੈਸ ਭਰਨ ਵਾਲੇ ਦੁਕਾਨਦਾਰਾਂ 'ਤੇ ਛਾਪੇਮਾਰੀ ਕੀਤੀ ਹੈ, ਪਰ ਮੰਗ ਇੰਨੀ ਜ਼ਿਆਦਾ ਹੈ ਕਿ ਇਹ ਗੈਰ-ਕਾਨੂੰਨੀ ਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਪਾਕਿਸਤਾਨੀ ਨਾਗਰਿਕਾਂ ਦੀ ਬੇਬਸੀ ਨੂੰ ਬਿਆਨ ਕਰ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com