ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਇਰਾਨ-ਅਮਰੀਕਾ ਵਿਚਾਲੇ ਜੰਗ ਹੁਣ ਜਦੋਂ ਕੁਝ ਹੱਦ ਤੱਕ ਸ਼ਾਂਤ ਹੋ ਗਈ ਹੈ ਤਾਂ ਹੁਣ ਇਕ ਹੋਰ ਜੰਗ ਦੇ ਦਸਤਕ ਦੀ ਆਹਟ ਹੋ ਰਹੀ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੇ 29 ਲੜਾਕੂ ਜਹਾਜ਼, 6 ਫੌਜੀ ਜਹਾਜ਼ ਅਤੇ 2 ਸਰਕਾਰੀ ਜਹਾਜ਼ ਤਾਈਵਾਨ ਦੇ ਖੇਤਰੀ ਪਾਣੀਆਂ ਅਤੇ ਹਵਾਈ ਖੇਤਰ ਦੇ ਆਲੇ-ਦੁਆਲੇ ਦੇਖੇ ਗਏ ਹਨ। ਇਨ੍ਹਾਂ 29 ਵਿੱਚੋਂ 15 ਚੀਨੀ ਜਹਾਜ਼ਾਂ ਨੇ ਤਾਈਵਾਨ ਸਟ੍ਰੇਟ ਦੀ 'ਮੀਡੀਅਨ ਲਾਈਨ' ਨੂੰ ਪਾਰ ਕੀਤਾ ਅਤੇ ਤਾਈਵਾਨ ਦੇ ਉੱਤਰੀ, ਮੱਧ ਅਤੇ ਦੱਖਣ-ਪੱਛਮੀ ਹਵਾਈ ਖੇਤਰ ਵਿੱਚ ਦਾਖਲ ਹੋਏ।
ਤਾਈਵਾਨੀ ਰੱਖਿਆ ਮੰਤਰਾਲੇ ਅਨੁਸਾਰ, ਇਹ ਜਹਾਜ਼ (ਜਿਨ੍ਹਾਂ ਵਿੱਚ J-10, J-16 ਅਤੇ KJ-500 ਵਰਗੇ ਆਧੁਨਿਕ ਜਹਾਜ਼ ਸ਼ਾਮਲ ਹਨ) ਸਮੁੰਦਰੀ ਅਤੇ ਹਵਾਈ ਸਾਂਝੀ ਸਿਖਲਾਈ ਦੇ ਹਿੱਸੇ ਵਜੋਂ ਉੱਥੇ ਮੌਜੂਦ ਸਨ। ਤਾਈਵਾਨੀ ਹਥਿਆਰਬੰਦ ਬਲਾਂ ਨੇ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ ਹੈ ਅਤੇ ਚੀਨੀ ਹਰਕਤਾਂ ਦਾ ਜਵਾਬ ਦੇਣ ਲਈ ਆਪਣੇ ਸਿਸਟਮ ਤਾਇਨਾਤ ਕੀਤੇ ਹਨ।
ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਅਟੁੱਟ ਹਿੱਸਾ ਮੰਨਦਾ ਹੈ ਅਤੇ ਉਸ 'ਤੇ ਆਪਣੀ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ। ਦੂਜੇ ਪਾਸੇ, ਤਾਈਵਾਨ ਇੱਕ ਸੁਤੰਤਰ ਸਰਕਾਰ, ਫੌਜ ਅਤੇ ਆਰਥਿਕਤਾ ਦੇ ਨਾਲ ਇੱਕ ਲੋਕਤੰਤਰੀ ਦੇਸ਼ ਵਜੋਂ ਕੰਮ ਕਰਦਾ ਹੈ। 1949 ਦੀ ਸਿਵਲ ਵਾਰ ਤੋਂ ਬਾਅਦ ਦੋਵੇਂ ਪਾਸੇ ਵੱਖਰੇ ਹੋ ਗਏ ਸਨ, ਪਰ ਚੀਨ ਨੇ ਕਦੇ ਵੀ ਤਾਈਵਾਨ ਦੀ ਆਜ਼ਾਦੀ ਨੂੰ ਮਾਨਤਾ ਨਹੀਂ ਦਿੱਤੀ।
ਪਿਛਲੇ ਕੁਝ ਸਾਲਾਂ ਵਿੱਚ ਚੀਨ ਨੇ ਤਾਈਵਾਨ 'ਤੇ ਦਬਾਅ ਬਣਾਉਣ ਲਈ ਆਪਣੇ ਫੌਜੀ ਅਭਿਆਸਾਂ ਵਿੱਚ ਤੇਜ਼ੀ ਲਿਆਂਦੀ ਹੈ। ਤਾਈਵਾਨ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਚੀਨ ਦੀਆਂ ਅਜਿਹੀਆਂ ਕਾਰਵਾਈਆਂ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਵੱਡਾ ਖ਼ਤਰਾ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com