ਅਮਰੀਕਾ-ਈਰਾਨ ਤਣਾਅ ਦਰਮਿਆਨ LPG ਖ਼ਪਤਕਾਰਾਂ ਲਈ ਅਹਿਮ ਖ਼ਬਰ

ਅਮਰੀਕਾ-ਈਰਾਨ ਤਣਾਅ ਦਰਮਿਆਨ LPG ਖ਼ਪਤਕਾਰਾਂ ਲਈ ਅਹਿਮ ਖ਼ਬਰ

ਜਲੰਧਰ–ਅਮਰੀਕਾ ਅਤੇ ਈਰਾਨ ਵਿਚ ਜਾਰੀ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਦੁਨੀਆ ਦੀ ਸਭ ਤੋਂ ਅਹਿਮ ਊਰਜਾ ਸਪਲਾਈ ਲਾਈਨ ਮੰਨੇ ਜਾਣ ਵਾਲੇ ਹੋਰਮੁਜ਼ ਜਲਡਮਰੂਮੱਧ ਵਿਚ ਅਜੇ ਵੀ ਆਮ ਆਵਾਜਾਈ ਬਹਾਲ ਨਹੀਂ ਹੋ ਸਕੀ ਹੈ। ਅੰਤਰਰਾਸ਼ਟਰੀ ਏਜੰਸੀਆਂ ਦੀ ਰਿਪੋਰਟ ਮੁਤਾਬਕ ਹੋਰਮੁਜ਼ ਤੋਂ ਹੋ ਕੇ ਸੰਸਾਰਿਕ ਤੇਲ ਅਤੇ ਗੈਸ ਸਪਲਾਈ ਦਾ ਵੱਡਾ ਹਿੱਸਾ ਲੰਘਦਾ ਹੈ, ਜਦਕਿ ਭਾਰਤ ਦੀ ਐੱਲ. ਪੀ. ਜੀ. ਦਰਾਮਦ ਨਿਰਭਰਤਾ ਦਾ ਵਧੇਰੇ ਹਿੱਸਾ ਵੀ ਇਸੇ ਸਮੁੰਦਰੀ ਰਸਤੇ ’ਤੇ ਟਿਕਿਆ ਹੋਇਆ ਹੈ। ਇਹੀ ਕਾਰਨ ਹੈ ਕਿ ਪੱਛਮੀ ਏਸ਼ੀਆ ਵਿਚ ਜਾਰੀ ਤਣਾਅ ਦਾ ਸਿੱਧਾ ਅਸਰ ਹੁਣ ਦੇਸ਼ ਦੇ ਆਮ ਗੈਸ ਖ਼ਪਤਕਾਰਾਂ ਦੀ ਰਸੋਈ ਤਕ ਪਹੁੰਚ ਚੁੱਕਾ ਹੈ।

ਸ਼ਹਿਰ ਵਿਚ ਪਿਛਲੇ ਡੇਢ ਮਹੀਨੇ ਤੋਂ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਵਿਖਾਈ ਦੇ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਅਜੇ ਤਕ ਖ਼ਪਤਕਾਰਾਂ ਨੂੰ ਕੋਈ ਠੋਸ ਰਾਹਤ ਨਹੀਂ ਮਿਲ ਸਕੀ ਹੈ। ਗੈਸ-ਏਜੰਸੀਆਂ ਦੇ ਬਾਹਰ ਦਿਹਾਤੀ ਇਲਾਕਿਆਂ ਵਿਚ ਸਥਿਤੀ ਹੋਰ ਵਧੇਰੇ ਚਿੰਤਾਜਨਕ ਬਣੀ ਹੋਈ ਹੈ। ਖ਼ਪਤਕਾਰਾਂ ਦਾ ਕਹਿਣਾ ਹੈ ਕਿ ਬੁਕਿੰਗ ਕਰਵਾਉਣ ਦੇ ਬਾਵਜੂਦ ਸਿਲੰਡਰ ਤੈਅ ਸਮੇਂ ’ਤੇ ਨਹੀਂ ਪਹੁੰਚ ਰਹੇ ਅਤੇ ਕਈ ਵਾਰ ਇਕ ਮਹੀਨੇ ਤਕ ਉਡੀਕ ਕਰਨੀ ਪੈ ਰਹੀ ਹੈ। ਦਿਹਾਤੀ ਇਲਾਕਿਆਂ ਵਿਚ ਗੈਸ ਖਪਤਕਾਰਾਂ ਨੂੰ ਸਿਲੰਡਰ ਮਿਲਣ ਵਿਚ ਲਗਭਗ ਇਕ ਮਹੀਨੇ ਦਾ ਅੰਤਰ ਪੈ ਰਿਹਾ ਹੈ। ਪਿੰਡਾਂ ਵਿਚ ਰਹਿਣ ਵਾਲੀਆਂ ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਖਾਣਾ ਬਣਾਉਣ ਲਈ ਉਨ੍ਹਾਂ ਨੂੰ ਜਾਂ ਤਾਂ ਗੁਆਂਢੀਆਂ ਤੋਂ ਗੈਸ ਮੰਗਣੀ ਪੈ ਰਹੀ ਹੈ ਜਾਂ ਫਿਰ ਮਜਬੂਰੀ ਵਿਚ ਲੱਕੜੀ ਅਤੇ ਚੁੱਲ੍ਹੇ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਕਈ ਪਿੰਡਾਂ ਵਿਚ ਅਜਿਹੇ ਹਾਲਾਤ ਬਣ ਗਏ ਹਨ ਕਿ ਗੈਸ ਖ਼ਤਮ ਹੋਣ ਦੇ ਬਾਅਦ ਨਵਾਂ ਸਿਲੰਡਰ ਆਉਣ ਤਕ ਪਰਿਵਾਰਾਂ ਨੂੰ ਅਸਥਾਈ ਰੂਪ ਨਾਲ ਰਵਾਇਤੀ ਈਂਧਨ ’ਤੇ ਪਰਤਣਾ ਪੈ ਰਿਹਾ ਹੈ। ਇਸ ਨਾਲ ਨਾ ਸਿਰਫ਼ ਸਮੇਂ ਦੀ ਬਰਬਾਦੀ ਹੋ ਰਹੀ ਹੈ, ਸਗੋਂ ਧੂੰਏਂ ਅਤੇ ਸਿਹਤ ਸਬੰਧੀ ਦਿੱਕਤਾਂ ਵੀ ਵਧ ਰਹੀਆਂ ਹਨ।
ਸ਼ਹਿਰੀ ਇਲਾਕਿਆਂ ਵਿਚ ਵੀ ਸਥਿਤੀ ਬਹੁਤ ਬਿਹਤਰ ਨਹੀਂ ਹੈ। ਸ਼ਹਿਰਾਂ ਵਿਚ ਖ਼ਪਤਕਾਰਾਂ ਨੂੰ ਸਿਲੰਡਰ ਬੁੱਕ ਕਰਨ ਦੇ ਬਾਅਦ ਲਗਭਗ 20 ਦਿਨ ਜਾਂ ਇਸ ਤੋਂ ਵੱਧ ਉਡੀਕ ਕਰਨੀ ਪੈ ਰਹੀ ਹੈ। ਪਹਿਲਾਂ ਜਿੱਥੇ ਬੁਕਿੰਗ ਦੇ 3 ਤੋਂ 5 ਦਿਨ ਅੰਦਰ ਡਿਲਿਵਰੀ ਹੋ ਜਾਂਦੀ ਸੀ, ਉਥੇ ਹੀ ਹੁਣ ਖ਼ਪਤਕਾਰਾਂ ਨੂੰ ਲਗਾਤਾਰ 'ਸਟਾਕ ਨਹੀਂ ਆਇਆ', 'ਟਰੱਕ ਰਸਤੇ ਵਿਚ ਹੈ','ਸਪਲਾਈ ਰੁਕੀ ਹੋਈ ਹੈ' ਵਰਗੇ ਜਵਾਬ ਦਿੱਤੇ ਜਾ ਰਹੇ ਹਨ। ਕਈ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੈਸ ਖਤਮ ਹੋਣ ਤੋਂ ਪਹਿਲਾਂ ਹੀ ਦੂਜਾ ਸਿਲੰਡਰ ਬਚਾ ਕੇ ਰੱਖਣਾ ਪੈ ਰਿਹਾ ਹੈ ਕਿਉਂਕਿ ਇਹ ਭਰੋਸਾ ਨਹੀਂ ਕਿ ਨਵਾਂ ਸਿਲੰਡਰ ਸਮੇਂ 'ਤੇ ਮਿਲੇਗਾ ਜਾਂ ਨਹੀਂ।

ਹਾਲਾਂਕਿ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿਚ ਗੈਸ ਦੀ ਲੋੜੀਂਦੀ ਉਪਲੱਬਧਤਾ ਹੈ ਪਰ ਜ਼ਮੀਨੀ ਪੱਧਰ ’ਤੇ ਖ਼ਪਤਕਾਰਾਂ ਦੀ ਪ੍ਰੇਸ਼ਾਨੀ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ। ਕਈ ਥਾਵਾਂ ’ਤੇ ਏਜੰਸੀਆਂ ਨੇ ਬੁਕਿੰਗ ਵਕਫਾ ਵੀ ਵਧਾ ਦਿੱਤਾ ਹੈ, ਜਿਸ ਨਾਲ ਖ਼ਪਤਕਾਰ ਚਾਹ ਕੇ ਵੀ ਜਲਦੀ ਦੋਬਾਰਾ ਸਿਲੰਡਰ ਬੁੱਕ ਨਹੀਂ ਕਰਵਾ ਪਾ ਰਹੇ। ਹਾਲ ਹੀ ਵਿਚ ਜਾਰੀ ਰਿਪੋਰਟਾਂ ਮੁਤਾਬਕ ਸ਼ਹਿਰੀ ਇਲਾਕਿਆਂ ਵਿਚ ਬੁਕਿੰਗ ਗੈਪ ਵਧਣ ਅਤੇ ਦਿਹਾਤੀ ਇਲਾਕਿਆਂ ਵਿਚ ਸਪਲਾਈ ਚੱਕਰ ਲੰਮਾ ਹੋਣ ਦਾ ਖਦਸ਼ਾ ਪਹਿਲਾਂ ਹੀ ਪ੍ਰਗਟਾਇਆ ਜਾ ਚੁੱਕਾ ਹੈ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਵੱਲੋਂ ਇਸ ਗੰਭੀਰ ਸਥਿਤੀ ’ਤੇ ਕੋਈ ਸਪੱਸ਼ਟ ਮਾਨੀਟਰਿੰਗ ਦਿਖਾਈ ਨਹੀਂ ਦੇ ਰਹੀ। ਨਾ ਤਾਂ ਗੈਸ ਏਜੰਸੀਆਂ ’ਤੇ ਡਲਿਵਰੀ ਦਾ ਸਮਾਂਹੱਦ ਤੈਅ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਵਿਸ਼ੇਸ਼ ਕੰਟਰੋਲ ਰੂਮ ਬਣਾਏ ਗਏ ਹਨ।

ਖ਼ਪਤਕਾਰ ਲਗਾਤਾਰ ਮੰਗ ਕਰ ਰਹੇ ਹਨ ਕਿ ਪ੍ਰਸ਼ਾਸਨ ਗੈਸ ਏਜੰਸੀਆਂ ਤੋਂ ਅਸਲ ਸਟਾਕ ਰਿਪੋਰਟ ਜਨਤਕ ਕਰਵਾਵੇ, ਦਿਹਾਤੀ ਇਲਾਕਿਆਂ ਲਈ ਵੱਖ ਸਪਲਾਈ ਸ਼ੈਡਿਊਲ ਤੈਅ ਕਰੇ ਅਤੇ ਹੰਗਾਮੀ ਸਥਿਤੀ ਵਿਚ ਵਾਧੂ ਸਿਲੰਡਰ ਉਪਲੱਬਧ ਕਰਵਾਏ ਪਰ ਅਜੇ ਤਕ ਪ੍ਰਸ਼ਾਸਨਿਕ ਪੱਧਰ ’ਤੇ ਚੁੱਪ ਬਣੀ ਹੋਈ ਹੈ।
ਖ਼ਪਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ-ਈਰਾਨ ਤਣਾਅ ਜਲਦ ਘੱਟ ਨਾ ਹੋਇਆ ਅਤੇ ਹੋਰਮੁਜ਼ ਮਾਰਗ ’ਤੇ ਪੂਰੀ ਤਰ੍ਹਾਂ ਆਮ ਆਵਾਜਾਈ ਬਹਾਲ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਫਿਲਹਾਲ ਸ਼ਹਿਰ ਹੋਵੇ ਜਾਂ ਪਿੰਡ ਹਰ ਰਸੋਈ ਵਿਚ ਇਕ ਹੀ ਸਵਾਲ ਗੂੰਜ ਰਿਹਾ ਹੈ ਕਿ ਗੈਸ ਸਿਲੰਡਰ ਆਖਿਰ ਸਮੇਂ ’ਤੇ ਮਿਲੇਗਾ ਕਦੋਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS