ਇੰਟਰਨੈਸ਼ਨਲ ਡੈਸਕ: ਵਿਸ਼ਵ ਭਰ ਵਿੱਚ ਛਾਏ ਗੰਭੀਰ ਊਰਜਾ ਸੰਕਟ ਦੇ ਵਿਚਕਾਰ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਇੱਕ ਫਾਈਨਲ ਡੀਲ ਦੀ ਤਿਆਰੀ ਚੱਲ ਰਹੀ ਹੈ, ਜਿਸ ਤਹਿਤ ਦੁਨੀਆ ਦੀ ਸਭ ਤੋਂ ਅਹਿਮ ਤੇਲ ਸਪਲਾਈ ਲਾਈਨ 'ਹੋਰਮੁਜ਼ ਸਟ੍ਰੇਟ' ਨੂੰ ਮੁੜ ਖੋਲ੍ਹਿਆ ਜਾਵੇਗਾ। ਵੱਡੀ ਗੱਲ ਇਹ ਹੈ ਕਿ ਇਸ ਵਾਰ ਈਰਾਨ ਕੋਈ ਟੋਲ ਨਹੀਂ ਵਸੂਲੇਗਾ। ਇਸ ਸਮਝੌਤੇ ਨਾਲ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਬਹਾਲ ਹੋਣ ਦੀ ਉਮੀਦ ਹੈ, ਜਿਸ ਨਾਲ ਭਾਰਤ ਵਰਗੇ ਦੇਸ਼ਾਂ ਨੂੰ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਵੱਡੀ ਰਾਹਤ ਮਿਲੇਗੀ।ਹੋਰਮੁਜ਼ ਸਟ੍ਰੇਟ ਦੇ ਬੰਦ ਹੋਣ ਕਾਰਨ ਭਾਰਤ ਵਿੱਚ ਊਰਜਾ ਸੰਕਟ ਡੂੰਘਾ ਹੋਇਆ ਸੀ। ਇਸ ਰਸਤੇ ਦੇ ਖੁੱਲ੍ਹਣ ਨਾਲ ਖਾੜੀ ਦੇਸ਼ਾਂ ਤੋਂ ਤੇਲ ਅਤੇ ਗੈਸ ਦੀ ਸਪਲਾਈ ਸੁਚਾਰੂ ਹੋ ਜਾਵੇਗੀ, ਜਿਸ ਨਾਲ ਭਾਰਤੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ।
30 ਦਿਨਾਂ 'ਚ ਖੁੱਲ੍ਹੇਗਾ ਰਸਤਾ, ਨਹੀਂ ਲੱਗੇਗਾ ਕੋਈ 'ਟੋਲ'
ਪ੍ਰਸਤਾਵਿਤ ਸਮਝੌਤੇ ਅਨੁਸਾਰ ਡੀਲ ਹੋਣ ਦੇ 30 ਦਿਨਾਂ ਦੇ ਅੰਦਰ ਹੋਰਮੁਜ਼ ਸਟ੍ਰੇਟ ਨੂੰ ਆਮ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਸਮੇਂ ਦੌਰਾਨ ਈਰਾਨ ਸਮੁੰਦਰੀ ਰਸਤੇ ਵਿੱਚ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਨੂੰ ਹਟਾਏਗਾ ਤਾਂ ਜੋ ਜਹਾਜ਼ ਸੁਰੱਖਿਅਤ ਗੁਜ਼ਰ ਸਕਣ। ਸਭ ਤੋਂ ਅਹਿਮ ਗੱਲ ਇਹ ਹੈ ਕਿ ਈਰਾਨ ਨੇ ਸੰਕੇਤ ਦਿੱਤੇ ਹਨ ਕਿ ਉਹ ਇਸ ਰਸਤੇ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਕੋਈ ਟ੍ਰਾਂਜ਼ਿਟ ਫੀਸ ਜਾਂ ਟੋਲ ਨਹੀਂ ਵਸੂਲੇਗਾ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਰਹਿਣ ਵਾਲੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! ਮੁਫ਼ਤ ਮਿਲੇਗੀ ਬਿਜਲੀ
ਸਮਝੌਤੇ ਦੇ ਤਹਿਤ 8 ਅਪ੍ਰੈਲ ਤੋਂ ਜਾਰੀ ਜੰਗਬੰਦੀ ਨੂੰ 60 ਦਿਨਾਂ ਲਈ ਹੋਰ ਵਧਾਇਆ ਜਾਵੇਗਾ। ਇਸ ਦੌਰਾਨ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਅਤੇ ਇਸ ਮੁੱਦੇ 'ਤੇ ਚਰਚਾ ਕਰਨ ਲਈ ਵੀ ਸਹਿਮਤ ਹੋ ਸਕਦਾ ਹੈ। ਹਾਲਾਂਕਿ, ਈਰਾਨੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਉਨ੍ਹਾਂ ਦਾ ਮੁੱਖ ਧਿਆਨ ਜੰਗ ਨੂੰ ਪੂਰੀ ਤਰ੍ਹਾਂ ਰੋਕਣ 'ਤੇ ਹੈ। ਇੱਕ ਪਾਸੇ ਜਿੱਥੇ ਕਤਰ ਵਿੱਚ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਦੀ ਅਗਵਾਈ ਵਿੱਚ ਇੱਕ ਉੱਚ-ਪੱਧਰੀ ਵਫ਼ਦ ਅਮਰੀਕਾ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਪਹੁੰਚਿਆ ਹੈ, ਉੱਥੇ ਹੀ ਦੂਜੇ ਪਾਸੇ ਤਣਾਅ ਵੀ ਬਰਕਰਾਰ ਹੈ। ਮੰਗਲਵਾਰ ਸਵੇਰੇ ਅਮਰੀਕੀ ਫੌਜ ਨੇ ਹੋਰਮੁਜ਼ ਨੇੜੇ ਲਾਰਕ ਟਾਪੂ 'ਤੇ ਈਰਾਨੀ ਮਿਜ਼ਾਈਲ ਸਾਈਟਾਂ ਅਤੇ ਬਾਰੂਦ ਵਿਛਾਉਣ ਵਾਲੀਆਂ ਕਿਸ਼ਤੀਆਂ 'ਤੇ ਹਮਲੇ ਕੀਤੇ ਹਨ, ਜਿਸ ਨਾਲ ਗੱਲਬਾਤ ਦੇ ਮਾਹੌਲ ਵਿੱਚ ਕੁੜੱਤਣ ਆ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com