ਉਪ ਰਾਸ਼ਟਰਪਤੀਆਂ ਲਈ ਜੁਲਾਈ ਦਾ ਮਹੀਨਾ ਅਸ਼ੁੱਭ, ਧਨਖੜ ਸਮੇਤ 6 ਦੇ ਚੁੱਕੇ ਹਨ ਅਸਤੀਫ਼ਾ

ਉਪ ਰਾਸ਼ਟਰਪਤੀਆਂ ਲਈ ਜੁਲਾਈ ਦਾ ਮਹੀਨਾ ਅਸ਼ੁੱਭ, ਧਨਖੜ ਸਮੇਤ 6 ਦੇ ਚੁੱਕੇ ਹਨ ਅਸਤੀਫ਼ਾ

ਨਵੀਂ ਦਿੱਲੀ- ਭਾਰਤ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਇਤਿਹਾਸ ਵਿਚ ਜੁਲਾਈ ਦਾ ਮਹੀਨਾ ਇਕ ਵਿਲੱਖਣ ਅਤੇ ਰਹੱਸਮਈ ਸੰਯੋਗ ਬਣਿਆ ਹੋਇਆ ਹੈ। ਇਸ ਮਹੀਨੇ ’ਚ ਉਪ ਰਾਸ਼ਟਰਪਤੀਆਂ ਦੇ ਅਸਤੀਫ਼ੇ ਅਤੇ ਇੱਥੋਂ ਤੱਕ ਕਿ ਮੌਤ ਵਰਗੀਆਂ ਘਟਨਾਵਾਂ ਵਾਰ-ਵਾਰ ਸਾਹਮਣੇ ਆਈਆਂ ਹਨ, ਜਿਸ ਕਾਰਨ ਇਹ ਮਹੀਨਾ ਇਸ ਅਹੁਦੇ ਲਈ ਅਸ਼ੁੱਭ ਜਾਪਦਾ ਹੈ। 

ਹਾਲ ਹੀ ਵਿਚ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ 21 ਜੁਲਾਈ ਨੂੰ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ’ਚ ਅਜੇ 2 ਸਾਲ ਬਾਕੀ ਸਨ ਅਤੇ ਉਨ੍ਹਾਂ ਦੇ ਇਸ ਅਸਤੀਫ਼ੇ ਨੇ ਜੁਲਾਈ ਦੇ ਇਸ ਰਹੱਸਮਈ ਪੈਟਰਨ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਜੁਲਾਈ ਦਾ ਮਹੀਨਾ ਭਾਰਤ ਦੇ ਉਪ ਰਾਸ਼ਟਰਪਤੀ ਦੇ ਇਤਿਹਾਸ ਵਿਚ ਕਈ ਮਹੱਤਵਪੂਰਨ ਅਤੇ ਅਸਾਧਾਰਨ ਘਟਨਾਵਾਂ ਦਾ ਗਵਾਹ ਰਿਹਾ ਹੈ। ਇਸ ਮਹੀਨੇ ਬਹੁਤ ਸਾਰੇ ਉਪ-ਰਾਸ਼ਟਰਪਤੀਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ।

ਵੀ.ਵੀ. ਗਿਰੀ (1969)

ਵੀ. ਵੀ. ਗਿਰੀ ਭਾਰਤ ਦੇ ਪਹਿਲੇ ਅਜਿਹੇ ਉਪ ਰਾਸ਼ਟਰਪਤੀ ਸਨ, ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਉਨ੍ਹਾਂ ਨੇ 3 ਮਈ 1969 ਨੂੰ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਦੇ ਦਿਹਾਂਤ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਹਾਲਾਂਕਿ 20 ਜੁਲਾਈ, 1969 ਨੂੰ ਉਨ੍ਹਾਂ ਨੇ ਉਪ ਰਾਸ਼ਟਰਪਤੀ ਅਤੇ ਕਾਰਜਕਾਰੀ ਰਾਸ਼ਟਰਪਤੀ ਦੋਵਾਂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤਾਂ ਜੋ ਉਹ ਰਾਸ਼ਟਰਪਤੀ ਦੀ ਚੋਣ ਲੜ ਸਕਣ।

ਆਰ. ਵੈਂਕਟਰਮਣ (1987)

1987 ਦੀਆਂ ਰਾਸ਼ਟਰਪਤੀ ਚੋਣਾਂ ’ਚ ਤਤਕਾਲੀ ਉਪ ਰਾਸ਼ਟਰਪਤੀ ਆਰ. ਵੈਂਕਟਰਮਣ ਨੇ ਜਿੱਤ ਹਾਸਲ ਕੀਤੀ ਸੀ। ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਜੁਲਾਈ 1987 ’ਚ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਸ਼ੰਕਰ ਦਿਆਲ ਸ਼ਰਮਾ (1992)

ਆਰ. ਵੈਂਕਟਰਮਣ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ੰਕਰ ਦਿਆਲ ਸ਼ਰਮਾ 3 ਸਤੰਬਰ, 1987 ਨੂੰ ਉਪ ਰਾਸ਼ਟਰਪਤੀ ਚੁਣੇ ਗਏ ਪਰ 1992 ਵਿਚ ਉਨ੍ਹਾਂ ਨੇ ਰਾਸ਼ਟਰਪਤੀ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜੁਲਾਈ 1992 ਵਿਚ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।


ਕੇ.ਆਰ. ਨਾਰਾਇਣਨ (1997)

1992 ਵਿਚ ਉਪ ਰਾਸ਼ਟਰਪਤੀ ਚੁਣੇ ਗਏ ਕੇ. ਆਰ. ਨਾਰਾਇਣਨ ਨੇ 16 ਜੁਲਾਈ, 1997 ਨੂੰ ਰਾਸ਼ਟਰਪਤੀ ਚੋਣ ਜਿੱਤੀ। ਉਨ੍ਹਾਂ ਨੇ ਜੁਲਾਈ 1997 ਵਿਚ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਇਸ ਤਰ੍ਹਾਂ ਰਾਸ਼ਟਰਪਤੀ ਬਣਨ ਲਈ ਜੁਲਾਈ ਵਿਚ ਅਸਤੀਫਾ ਦੇਣ ਵਾਲੇ ਲਗਾਤਾਰ ਤੀਜੇ ਉਪ ਰਾਸ਼ਟਰਪਤੀ ਬਣੇ।

ਭੈਰੋਂ ਸਿੰਘ ਸ਼ੇਖਾਵਤ (2007)

ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਨੇ 2007 ਦੀ ਰਾਸ਼ਟਰਪਤੀ ਚੋਣ ਲੜੀ ਪਰ ਯੂ.ਪੀ.ਏ.-ਖੱਬੇ ਪੱਖੀ ਗੱਠਜੋੜ ਦੀ ਉਮੀਦਵਾਰ ਪ੍ਰਤਿਭਾ ਪਾਟਿਲ ਤੋਂ ਹਾਰ ਗਏ। ਨਤੀਜਿਆਂ ਦੇ ਐਲਾਨ ਤੋਂ ਤੁਰੰਤ ਬਾਅਦ 21 ਜੁਲਾਈ, 2007 ਨੂੰ ਉਨ੍ਹਾਂ ਨੇ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।

ਕ੍ਰਿਸ਼ਨ ਕਾਂਤ (2002)

ਜੁਲਾਈ ਦਾ ਮਹੀਨਾ ਸਿਰਫ਼ ਅਸਤੀਫ਼ਿਆਂ ਤੱਕ ਸੀਮਤ ਨਹੀਂ ਰਿਹਾ। 1997 ਤੋਂ 2002 ਤੱਕ ਉਪ ਰਾਸ਼ਟਰਪਤੀ ਰਹੇ ਕ੍ਰਿਸ਼ਨ ਕਾਂਤ ਭਾਰਤੀ ਇਤਿਹਾਸ ’ਚ ਇਕਲੌਤੇ ਉਪ ਰਾਸ਼ਟਰਪਤੀ ਹਨ, ਜਿਨ੍ਹਾਂ ਦਾ ਕਾਰਜਕਾਲ ਦੌਰਾਨ ਦਿਹਾਂਤ ਹੋਇਆ। ਉਨ੍ਹਾਂ ਦਾ ਦਿਹਾਂਤ 27 ਜੁਲਾਈ 2002 ਨੂੰ ਹੋਇਆ, ਜਿਸ ਨੇ ਜੁਲਾਈ ਦੇ ਇਸ ਰਹੱਸਮਈ ਸੰਯੋਗ ਨੂੰ ਹੋਰ ਡੂੰਘਾ ਕਰ ਦਿੱਤਾ ਹੈ।

Credit : www.jagbani.com

  • TODAY TOP NEWS