ਸੋਨੇ ਦੀ ਚਮਕ ਦਾ ਦੀਵਾਨਾ ਹੋਇਆ RBI! ਜੂਨ ’ਚ ਫਿਰ ਕੀਤੀ ਖੂਬ ਖਰੀਦਦਾਰੀ

ਸੋਨੇ ਦੀ ਚਮਕ ਦਾ ਦੀਵਾਨਾ ਹੋਇਆ RBI! ਜੂਨ ’ਚ ਫਿਰ ਕੀਤੀ ਖੂਬ ਖਰੀਦਦਾਰੀ

ਨਵੀਂ  ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਜੂਨ  ਦੇ ਆਖਰੀ ਹਫਤੇ ’ਚ ਖੂਬ ਸੋਨਾ ਖਰੀਦਿਆ। ਇਸ ਦੌਰਾਨ ਲੱਗਭਗ ਅੱਧਾ ਟਨ ਸੋਨਾ ਖਰੀਦਿਆ  ਗਿਆ। ਇਸ ਵਿੱਤੀ ਸਾਲ ’ਚ ਰਿਜ਼ਰਵ ਬੈਂਕ ਨੇ ਸੋਨਾ ਖਰੀਦਣ ’ਚ ਥੋੜ੍ਹੀ ਸਾਵਧਾਨੀ  ਵਰਤੀ ਸੀ ਪਰ ਬਾਅਦ ’ਚ ਖਰੀਦਦਾਰੀ ਤੇਜ਼ ਕਰ ਦਿੱਤੀ।
ਇਕ ਮੀਡੀਆ ਚੈਨਲ ਅਨੁਸਾਰ ਰਿਜ਼ਰਵ ਬੈਂਕ ਕੋਲ 27 ਜੂਨ ਤੱਕ ਕੁਲ 879.8 ਟਨ ਸੋਨਾ ਸੀ। ਪਿਛਲੇ ਹਫਤੇ  ਇਹ ਅੰਕੜਾ 879.6 ਟਨ ਸੀ। ਇਸ ਦਾ ਮਤਲੱਬ ਹੈ ਕਿ ਆਰ. ਬੀ. ਆਈ. ਨੇ ਇਕ ਹਫਤੇ  ’ਚ 4 ਕੁਇੰਟਲ ਸੋਨਾ ਖਰੀਦਿਆ ਹੈ।
ਪਿਛਲੇ ਕੁਝ ਸਾਲਾਂ ’ਚ ਸੋਨਾ ਭਾਰਤ ਦੇ  ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਹਿੱਸਾ ਬਣ ਗਿਆ ਹੈ। ਪਿਛਲੇ 5  ਸਾਲਾਂ ’ਚ ਸੋਨੇ ਦੀ ਕੀਮਤ 80 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ। 18 ਜੁਲਾਈ 2025  ਤੱਕ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਸੋਨੇ ਦੀ ਹਿੱਸੇਦਾਰੀ 12.1 ਫੀਸਦੀ ਹੋ ਗਈ।  ਇਕ ਸਾਲ ਪਹਿਲਾਂ ਯਾਨੀ 19 ਜੁਲਾਈ 2024 ਨੂੰ ਇਹ 8.9 ਫੀਸਦੀ ਸੀ।

ਰਿਟਰਨ ਦਾ ਵੀ ਧਿਆਨ
ਸੋਨਾ  ਮਹਿੰਗਾਈ ਤੋਂ ਬਚਣ ਦਾ ਇਕ ਚੰਗਾ ਤਰੀਕਾ ਮੰਨਿਆ ਜਾਂਦਾ ਹੈ, ਇਸ ਲਈ ਕਈ ਸੰਸਥਾਵਾਂ  ਇਸ ’ਚ ਨਿਵੇਸ਼ ਕਰ ਰਹੀਆਂ ਹਨ। ਵਰਲਡ ਗੋਲਡ ਕੌਂਸਲ (ਡਬਲਯੂ. ਜੀ. ਸੀ.) ਦੇ  ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ 3 ਸਾਲਾਂ ’ਚ ਕੇਂਦਰੀ ਬੈਂਕਾਂ ਨੇ ਹਰ  ਸਾਲ 1000 ਟਨ ਤੋਂ ਜ਼ਿਆਦਾ ਸੋਨਾ ਖਰੀਦਿਆ ਹੈ। ਇਹ ਆਮ ਖਰੀਦਦਾਰੀ ਤੋਂ ਕਾਫੀ ਜ਼ਿਆਦਾ ਹੈ।
ਰਿਜ਼ਰਵ ਬੈਂਕ ਦੀ ਵਿਦੇਸ਼ੀ ਮੁਦਰਾ ਭੰਡਾਰ ਦੀ ਰਿਪੋਰਟ ’ਚ ਕਿਹਾ ਗਿਆ  ਹੈ ਕਿ ਭਾਰਤ ’ਚ ਰਿਜ਼ਰਵ ਪ੍ਰਬੰਧਨ ਦੇ 2 ਮੁੱਖ ਉਦੇਸ਼ ਹਨ। ਪਹਿਲਾ-ਸੁਰੱਖਿਆ ਅਤੇ  ਦੂਜਾ-ਤਰਲਤਾ ਪਰ ਇਸ ਦੇ ਨਾਲ ਹੀ ਰਿਟਰਨ ਨੂੰ ਵੀ ਧਿਆਨ ’ਚ ਰੱਖਿਆ ਜਾਂਦਾ ਹੈ।  ਯਾਨੀ ਰਿਜ਼ਰਵ ਬੈਂਕ ਸੋਨਾ ਖਰੀਦਦੇ ਸਮੇਂ ਇਹ ਵੇਖਦਾ ਹੈ ਕਿ ਇਸ ਨਾਲ ਚੰਗਾ ਮੁਨਾਫਾ ਹੋਵੇ।

ਖਰੀਦਦਾਰੀ ਜ਼ਿਆਦਾ, ਵਿਕਰੀ ਘੱਟ
ਭਾਰਤ  ’ਚ ਸੋਨੇ ’ਤੇ ਰਿਟਰਨ ਸਭ ਤੋਂ ਜ਼ਿਆਦਾ ਹੈ। ਫਿਰ ਵੀ ਰਿਜ਼ਰਵ ਬੈਂਕ ਆਪਣਾ ਸੋਨਾ ਬਹੁਤ  ਘੱਟ ਵੇਚਦਾ ਹੈ। ਆਰ. ਬੀ. ਆਈ. ਨੇ ਆਖਰੀ ਵਾਰ ਮਾਰਚ ਦੇ ਆਖਰੀ ਹਫਤੇ ’ਚ ਸੋਨਾ  ਖਰੀਦਿਆ ਸੀ।
ਵਰਲਡ ਗੋਲਡ ਕੌਂਸਲ ਦੇ ਅੰਦਾਜ਼ਿਆਂ ਅਨੁਸਾਰ ਇਸ ਸਾਲ ਦੇ ਪਹਿਲੇ 6 ਮਹੀਨਿਆਂ ’ਚ ਸੋਨੇ ਨੇ 26 ਫੀਸਦੀ ਦਾ ਰਿਟਰਨ ਦਿੱਤਾ ਹੈ। ਨਿਵੇਸ਼ ਦੇ ਨਜ਼ਰੀਏ ਨਾਲ ਵੇਖੀਏ ਤਾਂ ਇਹ ਭਾਰਤ ਲਈ ਸਭ ਤੋਂ ਜ਼ਿਆਦਾ ਰਿਟਰਨ ਦੇਣ ਵਾਲਾ ਨਿਵੇਸ਼ ਹੈ। ਸਿਰਫ ਤੁਰਕੀ  ’ਚ ਸੋਨੇ ਤੋਂ 40 ਫੀਸਦੀ ਤੋਂ ਜ਼ਿਆਦਾ ਦਾ ਰਿਟਰਨ ਮਿਲਿਆ ਹੈ, ਜੋ ਭਾਰਤ ਤੋਂ ਜ਼ਿਆਦਾ ਹੈ।
ਭਾਰਤ ’ਚ ਸੋਨੇ ਤੋਂ ਮਿਲਣ ਵਾਲਾ ਰਿਟਰਨ, ਪਾਊਂਡ, ਯੇਨ ਅਤੇ ਯੂਰੋ  ਵਰਗੀਆਂ ਵਿਕਸਿਤ ਦੇਸ਼ਾਂ ਦੀਆਂ ਕਰੰਸੀਆਂ ਤੋਂ ਵੀ ਜ਼ਿਆਦਾ ਹੈ। ਇੱਥੋਂ ਤੱਕ ਕਿ ਚੀਨ ਦੀ  ਕਰੰਸੀ ਰੇਨਮਿਨਬੀ ਤੋਂ ਵੀ ਜ਼ਿਆਦਾ ਰਿਟਰਨ ਮਿਲਿਆ ਹੈ, ਜਦੋਂਕਿ ਚੀਨ ਸੋਨੇ ਦਾ ਸਭ ਤੋਂ  ਵੱਡਾ ਖਪਤਕਾਰ ਹੈ।

Credit : www.jagbani.com

  • TODAY TOP NEWS