ਅੰਮ੍ਰਿਤਸਰ/ਫਰੀਦਕੋਟ- ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕਰਕੇ ਦਿੱਤੀ ਹੈ। ਵੀਡੀਓ ਵਿਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਫਰੀਦਕੋਟ ਵਿੱਚ ਉਨ੍ਹਾਂ ਦੇ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੋਣਗੇ।
ਉਥੇ ਹੀ ਅੱਤਵਾਦੀ ਨੇ ਲੈਂਡ ਪੂਲਿੰਗ ਦੇ ਮੁੱਦੇ 'ਤੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਅੱਤਵਾਦੀ ਪੰਨੂ ਨੇ ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ, ਖਾਲਸਾ ਕਾਲਜ, ਕੁਝ ਮੰਦਰਾਂ ਅਤੇ ਅਦਾਲਤੀ ਕੰਪਲੈਕਸ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ। ਹਾਲਾਂਕਿ ਜਨਤਕ ਥਾਵਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਹੀਂ ਵੇਖੇ ਗਏ ਹਨ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਫ਼ਰੀਦਕੋਟ ਵਿਚ ਤਿਰੰਗਾ ਝੰਡਾ ਲਹਿਰਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹੁੰਚ ਰਹੇ ਹਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਨਹਿਰੂ ਸਟੇਡੀਅਮ ਵਿਚ ਸਟੇਜ ਦੀ ਹੋਰ ਤਿਆਰੀ ਕੀਤੀ ਜਾ ਰਹੀ ਹੈ।
ਇਥੇ ਇਹ ਵੀ ਦੱਸ ਦੇਈਏ ਕਿ ਪਿਛਲੇ ਗਣਤੰਤਰ ਦਿਵਸ ਦੌਰਾਨ ਵੀ ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਹਿਰੂ ਸਟੇਡੀਅਮ ਦੇ ਬਾਹਰ ਕੰਧਾਂ 'ਤੇ ਖਾਲਿਸਤਾਨੀ ਸ਼ਬਦ ਲਿਖ ਦਿੱਤੇ ਸਨ, ਜਿਸ ਦੇ ਚੱਲਦੇ ਤੁਰੰਤ ਮੁੱਖ ਮੰਤਰੀ ਪੰਜਾਬ ਦਾ ਫਰੀਦਕੋਟ ਵਿਚ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਸੀ। ਪੰਜਾਬ ਪੁਲਸ ਨੇ ਹੋਰ ਸਖ਼ਤੀ ਵਰਤਦੇ ਹੋਏ ਪਹਿਲਾਂ ਤੋਂ ਹੀ ਸਟੇਡੀਅਮ ਵਿਚ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ, ਜੋ ਦਿਨ-ਰਾਤ ਨਿਗਰਾਨੀ ਰੱਖਣਗੇ ਤਾਂ ਜੋ ਦੋਬਾਰਾ ਕੋਈ ਸ਼ਰਾਰਤੀ ਅਨਸਰ ਕੋਈ ਗਲਤ ਹਰਕਤ ਨਾ ਕਰ ਸਕਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com