ਅਮਰੀਕਾ ਨਾਲ ਤਣਾਅ ਵਿਚਾਲੇ ਭਾਰਤ ਆਉਣਗੇ ਪੁਤਿਨ!

ਅਮਰੀਕਾ ਨਾਲ ਤਣਾਅ ਵਿਚਾਲੇ ਭਾਰਤ ਆਉਣਗੇ ਪੁਤਿਨ!

ਨਵੀਂ ਦਿੱਲੀ- ਅਮਰੀਕਾ ਨਾਲ ਤਣਾਅ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਆ ਰਹੇ ਹਨ। ਵੀਰਵਾਰ ਨੂੰ ਮਾਸਕੋ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਹਵਾਲੇ ਨਾਲ ਕਿਹਾ ਗਿਆ ਕਿ ਰਾਸ਼ਟਰਪਤੀ ਪੁਤਿਨ ਇਸ ਸਾਲ ਦੇ ਅੰਤ ਵਿੱਚ ਭਾਰਤ ਦਾ ਦੌਰਾ ਕਰਨਗੇ।

ਰੂਸੀ ਰਾਸ਼ਟਰਪਤੀ ਦੀ ਭਾਰਤ ਫੇਰੀ ਦੀ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਤੇਲ ਦੀ ਖਰੀਦ ਤੋਂ ਨਾਰਾਜ਼ ਹਨ ਹੋ ਕੇ ਭਾਰਤ 'ਤੇ ਟੈਰਿਫ 50 ਫੀਸਦੀ ਤਕ ਵਧਾ ਦਿੱਤਾ ਹੈ।

ਰੂਸੀ ਸਮਾਚਾਰ ਏਜੰਸੀ ਇੰਟਰਫੈਕਸ ਨੇ ਅਜੀਤ ਡੋਵਾਲ ਦੇ ਹਵਾਲੇ ਨਾਲ ਪਹਿਲਾਂ ਦੱਸਿਆ ਸੀ ਕਿ ਰਾਸ਼ਟਰਪਤੀ ਪੁਤਿਨ ਅਗਸਤ ਦੇ ਅੰਤ ਵਿੱਚ ਭਾਰਤ ਦਾ ਦੌਰਾ ਕਰਨਗੇ। ਹਾਲਾਂਕਿ, ਬਾਅਦ ਵਿੱਚ ਖ਼ਬਰਾਂ ਵਿੱਚ ਸੋਧ ਕਰਦੇ ਹੋਏ ਏਜੰਸੀ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ 2025 ਦੇ ਅੰਤ ਵਿੱਚ ਭਾਰਤ ਦਾ ਦੌਰਾ ਕਰਨਗੇ।

ਯੂਕਰੇਨ ਜੰਗ ਤੋਂ ਬਾਅਦ ਪਹਿਲੀ ਭਾਰਤ ਯਾਤਰਾ ਹੋਵੇਗੀ

ਰਾਸ਼ਟਰਪਤੀ ਪੁਤਿਨ ਦੀ ਇਹ ਯਾਤਰਾ ਫਰਵਰੀ 2022 'ਚ ਯੂਕਰੇਨ-ਰੂਸ ਜੰਗ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰੇ ਦੌਰਾਨ ਦੋਵੇਂ ਦੇਸ਼ 2030 ਲਈ ਨਵੇਂ ਆਰਥਿਕ ਰੋਡਮੈਪ ਨੂੰ ਅੱਗੇ ਵਧਾਉਣ 'ਤੇ ਕੰਮ ਕਰਨਗੇ।

2021 'ਚ ਆਖ਼ਰੀ ਵਾਰ ਭਾਰਤ ਆਏ ਸਨ ਪੁਤਿਨ

6 ਦਸੰਬਰ 2021 ਨੂੰ ਵਲਾਦੀਮਿਰ ਪੁਤਿਨ ਨੇ ਭਾਰਤ ਦੀ ਇਕ ਛੋਟੀ, 4 ਘੰਟਿਆਂ ਦੀ ਯਾਤਰਾ ਕੀਤੀ ਸੀ। ਇਸ ਦੌਰਾਨ ਭਾਰਤ ਅਤੇ ਰੂਸ ਨੇ 28 ਦੋਪੱਖੀ ਸਮਝੌਤਿਆਂ 'ਤੇ ਹਸਤਾਖਰ ਕੀਤੇ, ਜਿਸ 'ਚ ਸੈਨਿਕ ਅਤੇ ਤਕਨੀਕੀ ਖੇਤਰਾਂ ਦੇ ਮਹੱਤਵਪੂਰਨ ਸਹਿਯੋਗ ਸ਼ਾਮਲ ਸਨ। ਦੋਵਾਂ ਦੇਸ਼ਾਂ ਨੇ 2025 ਤੱਕ ਸਾਲਾਨਾ ਵਪਾਰ 30 ਅਰਬ ਡਾਲਰ (ਕਰੀਬ 2.53 ਲੱਖ ਕਰੋੜ ਰੁਪਏ) ਤੱਕ ਪਹੁੰਚਾਉਣ ਦਾ ਟਾਰਗੇਟ ਰੱਖਿਆ ਸੀ।

PM ਮੋਦੀ 2024 'ਚ ਦੋ ਵਾਰ ਰੂਸ ਗਏ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2024 'ਚ ਦੋ ਵਾਰ ਰੂਸ ਦਾ ਦੌਰਾ ਕੀਤਾ। ਪਹਿਲੀ ਵਾਰ ਉਹ ਜੁਲਾਈ 'ਚ 2 ਦਿਨਾਂ ਲਈ ਰੂਸ ਗਏ ਸਨ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਦੂਜੀ ਵਾਰ 22 ਅਕਤੂਬਰ ਨੂੰ ਮੋਦੀ BRICS ਸੰਮੇਲਨ ਲਈ ਰੂਸ ਗਏ ਸਨ।

Credit : www.jagbani.com

  • TODAY TOP NEWS