ਨੈਸ਼ਨਲ ਡੈਸਕ- ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸ਼ੁੱਕਰਵਾਰ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਾਈ ਸਰਕਾਰਾਂ ਅਤੇ ਕੇਂਦਰ ਸ਼ਾਸਿਤ ੍ਖੇਤਰਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਬਾਰਦਾਨੇ ਦੇ ਯੂਜ਼ਰਜ਼ ਚਾਰਜਜ਼ ’ਚ ਲਗਭਗ 40 ਫੀਸਦੀ ਦਾ ਵਾਧਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਮੰਤਵ ਟਿਕਾਊ ਪੈਕੇਜਿੰਗ ਅਭਿਆਸਾਂ ਦਾ ਸਮਰਥਨ ਕਰਨ ਲਈ ਖਰੀਦ ਕਾਰਜਾਂ ਨੂੰ ਸੁਚਾਰੂ ਬਣਾਉਣਾ ਤੇ ਅਨਾਜ ਖਰੀਦ ਅਤੇ ਵੰਡ ’ਚ ਕੇਂਦਰ- ਸੂਬਾਈ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।ਕੇਂਦਰ ਸਰਕਾਰ ਨੂੰ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਖੇਤਰਾਂ ਤੋਂ ਸੋਧਾਂ ਲਈ ਬੇਨਤੀਆਂ ਪ੍ਰਾਪਤ ਹੋਈਆਂ ਜਿਸ ਤੋਂ ਬਾਅਦ ਸਰਕਾਰ ਦੇ ਖੁਰਾਕ ਤੇ ਜਨਤਕ ਵੰਡ ਵਿਭਾਗ ਨੇ ਇਕ ਕਮੇਟੀ ਦਾ ਗਠਨ ਕੀਤਾ।
ਕੇਸਿੰਗ ਚਾਰਜ ਦੀ ਵਿਆਪਕ ਸਮੀਖਿਆ ਕਰਨ ਲਈ ਬਣਾਈ ਗਈ ਕਮੇਟੀ ’ਚ ਸੂਬਾਈ ਸਰਕਾਰਾਂ, ਕੇਂਦਰ ਸ਼ਾਸਿਤ ਖੇਤਰਾਂ ਤੇ ਭਾਰਤੀ ਖੁਰਾਕ ਨਿਗਮ ਦੇ ਮੈਂਬਰ ਸ਼ਾਮਲ ਸਨ। ਆਂਧਰਾ ਪ੍ਰਦੇਸ਼, ਪੰਜਾਬ, ਮੱਧ ਪ੍ਰਦੇਸ਼, ਤੇਲੰਗਾਨਾ, ਉੱਤਰ ਪ੍ਰਦੇਸ਼ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਕਮੇਟੀ ਨੂੰ ਆਪਣੇ ਸੁਝਾਅ ਦਿੱਤੇ।
ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਭਾਰਤ ਸਰਕਾਰ ਨੇ ਯੂਜਰਜ਼ ਫੀਸ ਨੂੰ 7.32 ਰੁਪਏ ਪ੍ਰਤੀ ਵਰਤੇ ਹੋਏ ਬੈਗ ਤੋਂ ਸੋਧ ਕੇ 10.22 ਰੁਪਏ ਪ੍ਰਤੀ ਵਰਤੇ ਹੋਏ ਬੈਗ ਜਾਂ ਸੂਬਾ ਸਰਕਾਰ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵੱਲੋਂ ਸਹਿਣ ਕੀਤੀ ਜਾਣ ਵਾਲੀ ਅਸਲ ਲਾਗਤ, ਜੋ ਵੀ ਘੱਟ ਹੋਵੇ, ਕਰ ਦਿੱਤਾ ਹੈ।। ਸੋਧੀ ਹੋਈ ਦਰ 2025-26 ਤੋਂ ਲਾਗੂ ਹੋਵੇਗੀ।
Credit : www.jagbani.com