ਜਲੰਧਰ–ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਮੰਗ ’ਤੇ ਰੇਲਵੇ ਨੇ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਦੇ ਜਲੰਧਰ ਕੈਂਟ ਸਟੇਸ਼ਨ ’ਤੇ ਸਟਾਪੇਜ ਲਈ ਹੁਕਮ ਜਾਰੀ ਕਰ ਦਿੱਤਾ ਹੈ। ਹੁਣ ਜਲੰਧਰ ਕੈਂਟ ਸਟੇਸ਼ਨ ’ਤੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਰੁਕੇਗੀ।
ਉਕਤ ਟਰੇਨ ਦੇ ਜਲੰਧਰ ਕੈਂਟ ਸਟੇਸ਼ਨ ’ਤੇ ਸਟਾਪੇਜ ਨਾਲ ਉਦਯੋਗਪਤੀਆਂ, ਐੱਨ. ਆਰ. ਆਈਜ਼ ਅਤੇ ਦਿੱਲੀ ਆਉਣ-ਜਾਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਸ਼ਤਾਬਦੀ ਵਰਗੀ ਟਰੇਨ ਵਿਚ ਰਿਜ਼ਰਵੇਸ਼ਨ ਦੀ ਸਮੱਸਿਆ ਹਮੇਸ਼ਾ ਰਹੀ ਹੈ ਅਤੇ ਵੰਦੇ ਭਾਰਤ ਦੇ ਜਲੰਧਰ ਕੈਂਟ ’ਤੇ ਸਟਾਪੇਜ ਨਾਲ ਇਸ ਦਾ ਹੱਲ ਵੀ ਹੋਵੇਗਾ। ਸੁਸ਼ੀਲ ਰਿੰਕੂ ਨੇ ਦੱਸਿਆ ਕਿ ਉਨ੍ਹਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲ ਕੇ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਜਲੰਧਰ ਕੈਂਟ ਸਟੇਸ਼ਨ ’ਤੇ ਰੋਕਣ ਲਈ ਮੰਗ-ਪੱਤਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਜਲੰਧਰ, ਹੁਸ਼ਿਆਰਪੁਰ, ਨਕੋਦਰ, ਕਪੂਰਥਲਾ ਸਮੇਤ ਨੇੜਲੇ ਜ਼ਿਲਿਆਂ ਦੇ ਸ਼ਰਧਾਲੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਦੇ ਜਲੰਧਰ ਕੈਂਟ ’ਤੇ ਸਟਾਪੇਜ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਇਹ ਮੰਗ ਹੁਣ ਪੂਰੀ ਹੋ ਗਈ ਹੈ। ਰੇਲਵੇ ਵੱਲੋਂ ਜਾਰੀ ਕੀਤੇ ਗਏ ਪੱਤਰ ਨੰਬਰ 701 ਅਨੁਸਾਰ ਗੱਡੀ ਨੰਬਰ 22439 (ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ) ਹੁਣ ਜਲੰਧਰ ਕੈਂਟ ਸਟੇਸ਼ਨ ’ਤੇ ਸਵੇਰੇ 10.04 ਵਜੇ ਪਹੁੰਚੇਗੀ ਅਤੇ 10.06 ਵਜੇ ਰਵਾਨਾ ਹੋਵੇਗੀ। ਦੂਜੇ ਪਾਸੇ ਗੱਡੀ ਨੰਬਰ 22440 (ਕਟੜਾ ਤੋਂ ਨਵੀਂ ਦਿੱਲੀ) ਸ਼ਾਮ 6.51 ਵਜੇ ਜਲੰਧਰ ਕੈਂਟ ਪਹੁੰਚੇਗੀ ਅਤੇ 6.53 ਵਜੇ ਰਵਾਨਾ ਹੋਵੇਗੀ। ਇਸ ਫ਼ੈਸਲੇ ਨਾਲ ਨਾ ਸਿਰਫ਼ ਜਲੰਧਰ, ਸਗੋਂ ਨੇੜਲੇ ਇਲਾਕਿਆਂ ਦੇ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਹੁਣ ਉਹ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਘੱਟ ਸਮੇਂ ਵਿਚ ਅਤੇ ਜ਼ਿਆਦਾ ਆਰਾਮਦਾਇਕ ਯਾਤਰਾ ਕਰ ਸਕਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com