ਇੰਟਰਨੈਸ਼ਨਲ ਡੈਸਕ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਲਾਸਕਾ 'ਚ ਮੁਲਾਕਾਤ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਯੂਕ੍ਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਅਤੇ ਯੂਰਪੀ ਨੇਤਾਵਾਂ ਨਾਲ ਇਕ ਵਰਚੁਅਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਟਰੰਪ ਨੇ ਜੰਗ ਖਤਮ ਕਰਨ ਲਈ ਜ਼ਮੀਨ ਦੀ ਅਦਲਾ-ਬਦਲੀ ਬਾਰੇ ਗੱਲ ਕਹੀ ਸੀ। ਟਰੰਪ ਨੇ ਕਿਹਾ ਕਿ ਯੂਕ੍ਰੇਨ ਨੂੰ ਕ੍ਰੀਮੀਆ ਛੱਡਣਾ ਪਵੇਗਾ। ਇਸ ਤੋਂ ਇਲਾਵਾ ਯੂਕ੍ਰੇਨ ਨਾਟੋ ਦਾ ਹਿੱਸਾ ਨਹੀਂ ਬਣ ਸਕੇਗਾ।
ਇਨ੍ਹਾਂ ਸਭ ਸ਼ਰਤਾਂ ਨੂੰ ਸੁਣ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਡੋਨਾਲਡ ਟਰੰਪ ਦੀਆਂ ਉਨ੍ਹਾਂ ਸ਼ਰਤਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਜ਼ਮੀਨ ਦੀ ਅਦਲਾ-ਬਦਲੀ ਸ਼ਾਮਲ ਹੈ। ਜ਼ੇਲੈਂਸਕੀ ਨੇ ਕਿਹਾ ਕਿ ਯੂਕ੍ਰੇਨ ਦੇ ਲੋਕ ਆਪਣੀ ਜ਼ਮੀਨ ਅਤੇ ਆਜ਼ਾਦੀ ਲਈ ਲੜ ਰਹੇ ਹਨ। ਸਾਡੀ ਫੌਜ ਨੇ ਦੋਨੇਤਸਕ ਅਤੇ ਸੁਮੀ ਵਿਚ ਤਰੱਕੀ ਕੀਤੀ ਹੈ। ਅਸੀਂ ਕੋਈ ਨਵਾਂ ਸਮਝੌਤਾ ਨਹੀਂ ਕਰਾਂਗੇ, ਜਿਸ ਨਾਲ ਭਵਿੱਖ ਵਿਚ ਰੂਸ ਨੂੰ ਹਮਲਾ ਕਰਨ ਦਾ ਇਕ ਹੋਰ ਮੌਕਾ ਮਿਲੇ।
ਜ਼ੇਲੈਂਸਕੀ ਨੇ ਪੁਤਿਨ ’ਤੇ ਯੂਕ੍ਰੇਨ ਅਤੇ ਯੂਰਪ ’ਤੇ ਦਬਾਅ ਬਣਾਈ ਰੱਖਣ ਲਈ ਹਮਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਮਦਦ ਮੰਗ ਰਹੇ ਹਾਂ। ਸਾਨੂੰ ਸੁਰੱਖਿਆ ਗਾਰੰਟੀਆਂ ਦੀ ਲੋੜ ਹੈ। ਰੂਸ ਨੂੰ ਜੰਗ ਰੋਕਣੀ ਪਵੇਗੀ। ਅਸੀਂ ਰੂਸ ਨੂੰ ਯੂਕ੍ਰੇਨ ਦੀ ਇਕ ਇੰਚ ਵੀ ਜ਼ਮੀਨ ਨਹੀਂ ਦੇਵਾਂਗੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਯੂਕ੍ਰੇਨ ਹੁਣ ਪਿੱਛੇ ਹਟਦਾ ਹੈ ਤਾਂ ਇਸ ਨਾਲ ਦੇਸ਼ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਕਮਜ਼ੋਰ ਹੋ ਸਕਦੀ ਹੈ, ਨਾਲ ਹੀ ਰੂਸ ਨੂੰ ਭਵਿੱਖ ਵਿਚ ਹੋਰ ਹਮਲੇ ਕਰਨ ਦਾ ਮੌਕਾ ਮਿਲ ਸਕਦਾ ਹੈ। ਯੂਕ੍ਰੇਨ ਦੀ ਖੇਤਰੀ ਅਖੰਡਤਾ ’ਤੇ ਕੋਈ ਵੀ ਫੈਸਲਾ ਸਾਡੇ ਸੰਵਿਧਾਨ ਅਤੇ ਲੋਕਾਂ ਦੀ ਇੱਛਾ ਨੂੰ ਧਿਆਨ ਵਿਚ ਰੱਖੇ ਬਿਨਾਂ ਨਹੀਂ ਲਿਆ ਜਾ ਸਕਦਾ।
ਜ਼ੇਲੈਂਸਕੀ ਦੀ ਮਦਦ ਲਈ ਪਹੁੰਚੇ ਕਈ ਯੂਰਪੀ ਨੇਤਾ
ਵ੍ਹਾਈਟ ਹਾਊਸ ਵਿਚ ਫਰਵਰੀ ਮਹੀਨੇ ਵਿਚ ਜ਼ੇਲੈਂਸਕੀ ਅਤੇ ਟਰੰਪ ਵਿਚਾਲੇ ਹੋਏ ਟਕਰਾਅ ਦੇ ਮੱਦੇਨਜ਼ਰ ਇਸ ਵਾਰ ਯੂਕ੍ਰੇਨੀ ਰਾਸ਼ਟਰਪਤੀ ਦਾ ਸਮਰਥਨ ਕਰਨ ਲਈ ਕਈ ਯੂਰਪੀ ਨੇਤਾ ਵੀ ਅਮਰੀਕਾ ਪਹੁੰਚੇ। ਇਨ੍ਹਾਂ ਵਿਚ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਫਿਨਲੈਂਡ ਦੇ ਨੇਤਾ ਸ਼ਾਮਲ ਹਨ। ਅਮਰੀਕਾ ਪਹੁੰਚੇ ਯੂਰਪੀ ਨੇਤਾਵਾਂ ਦਾ ਉਦੇਸ਼ ਹੈ ਕਿ ਇਸ ਵਾਰ ਵ੍ਹਾਈਟ ਹਾਊਸ ਵਿਚ ਜ਼ੇਲੈਂਸਕੀ ਅਤੇ ਟਰੰਪ ਟੀਮ ਵਿਚਾਲੇ ਗੱਲਬਾਤ ਪੱਟੜੀ ਤੋਂ ਨਾ ਉੱਤਰੇ। ਫਰਾਂਸ ਦੇ ਰਿਟਾਇਰਡ ਜਨਰਲ ਡੋਮਿਨਿਕ ਟ੍ਰਿਨਕਵਾਂਡ ਨੇ ਕਿਹਾ ਕਿ ਯੂਰਪੀਅਨ ਦੇਸ਼ਾਂ ਨੂੰ ਡਰ ਹੈ ਕਿ ਵ੍ਹਾਈਟ ਹਾਊਸ ਵਿਚ ਉਹੀ ਨਜ਼ਾਰਾ ਦੁਬਾਰਾ ਦੁਹਰਾਇਆ ਜਾਵੇਗਾ। ਇਸ ਲਈ ਉਹ ਜ਼ੇਲੈਂਸਕੀ ਨਾਲ ਖੜ੍ਹੇ ਹੋ ਕੇ ਟਰੰਪ ਨੂੰ ਸਮੂਹਿਕ ਤਾਕਤ ਦਿਖਾਉਣਾ ਚਾਹੁੰਦੇ ਹਨ।
ਪੁਤਿਨ ਦਾ ਯੂਕ੍ਰੇਨ ਦੇ 20 ਫੀਸਦੀ ਹਿੱਸੇ ’ਤੇ ਕਬਜ਼ਾ ਛੱਡਣ ਤੋਂ ਇਨਕਾਰ
ਰੂਸ ਨੇ ਯੂਕ੍ਰੇਨ ਦੇ ਲੱਗਭਗ 20 ਫੀਸਦੀ ਹਿੱਸੇ ਯਾਨੀ ਲੱਗਭਗ 1,14,500 ਵਰਗ ਕਿਲੋਮੀਟਰ ’ਤੇ ਕਬਜ਼ਾ ਕਰ ਲਿਆ ਹੈ। ਇਸ ਵਿਚ ਕ੍ਰੀਮੀਆ, ਦੋਨੇਤਸਕ, ਲੁਹਾਂਸਕ, ਖੇਰਸਾਨ ਅਤੇ ਜ਼ਾਪੋਰਿਜ਼ੀਆ ਵਰਗੇ ਖੇਤਰ ਸ਼ਾਮਲ ਹਨ। ਰੂਸ ਇਨ੍ਹਾਂ ਖੇਤਰਾਂ ਨੂੰ ਆਪਣੀ ਰਣਨੀਤਕ ਅਤੇ ਇਤਿਹਾਸਕ ਵਿਰਾਸਤ ਮੰਨਦਾ ਹੈ ਅਤੇ ਉਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ ਹੈ। ਪੁਤਿਨ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਯੂਕ੍ਰੇਨ ਨਾਲ ਸ਼ਾਂਤੀ ਬਾਰੇ ਗੱਲਬਾਤ ਉਦੋਂ ਹੀ ਹੋ ਸਕਦੀ ਹੈ ਜਦੋਂ ਯੂਕ੍ਰੇਨ ਰੂਸ ਦੇ ਕਬਜ਼ਾਏ ਖੇਤਰਾਂ ਤੋਂ ਆਪਣਾ ਦਾਅਵਾ ਛੱਡੇ ਅਤੇ ਉਨ੍ਹਾਂ ਖੇਤਰਾਂ ਨੂੰ ਰੂਸ ਦੇ ਹਿੱਸੇ ਵਜੋਂ ਸਵੀਕਾਰੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com