ਜਲੰਧਰ/ਤਰਨਤਾਰਨ- ਤਰਨਤਾਰਨ ਦੇ ਹਲਕਾ ਪੱਟੀ ਵਿਚ ਮੰਤਰੀ ਲਾਲਜੀਤ ਸਿੰਘ ਭੁੱਲਰ ਹੜ੍ਹ ਪੀੜਤਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਵੱਲੋਂ 5-5 ਮਰਚੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਪਾਣੀ ਦੀ ਮਾਰ ਹੇਠ ਫਸੇ ਲੋਕ ਮੇਰੇ ਪਰਿਵਾਰ ਦੇ ਮੈਂਬਰ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਲਾਲਜੀਤ ਸਿੰਘ ਭੁੱਲਰ ਹਾਲਾਤ ਵੇਖ ਕੇ ਭਾਵੁਕ ਹੁੰਦੇ ਨਜ਼ਰ ਆਏ। ਇਥੇ ਦੱਸ ਦੇਈਏ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਮੰਤਰੀ ਪਰਿਵਾਰਾਂ ਨੂੰ ਖ਼ੁਦ ਜਾ ਕੇ ਬਾਹਰ ਕੱਢਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਮੁਸਤੈਦੀ ਅਤੇ ਸਰਗਰਮ ਭੂਮਿਕਾ ਸਦਕਾ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਪਿਛਲੇ 24 ਘੰਟਿਆਂ ਦੌਰਾਨ ਕੁੱਲ੍ਹ 4711 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ’ਚ ਫਿਰੋਜ਼ਪੁਰ ਦੇ 812 ਬਾਸ਼ਿੰਦੇ, ਗੁਰਦਾਸਪੁਰ ਦੇ 2571, ਮੋਗਾ ਦੇ 4, ਤਰਨਤਾਰਨ ਦੇ 60, ਬਰਨਾਲਾ ਦੇ 25 ਅਤੇ ਫਾਜ਼ਿਲਕਾ ਦੇ 1239 ਵਾਸੀ ਸ਼ਾਮਲ ਹਨ। ਵੱਖ-ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ 9 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਹੁਣ ਤੱਕ 11,330 ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਗਿਆ ਹੈ। ਇਨ੍ਹਾਂ ’ਚ ਫਿਰੋਜ਼ਪੁਰ ਦੇ 2819, ਹੁਸ਼ਿਆਰਪੁਰ ਦੇ 1052, ਕਪੂਰਥਲਾ ਦੇ 240, ਗੁਰਦਾਸਪੁਰ ਦੇ 4771, ਮੋਗਾ ਦੇ 24, ਪਠਾਨਕੋਟ ਦੇ 1100, ਤਰਨ ਤਾਰਨ ਦੇ 60, ਬਰਨਾਲਾ ਦੇ 25 ਅਤੇ ਫਾਜ਼ਿਲਕਾ ਦੇ 1239 ਬਾਸ਼ਿੰਦੇ ਸ਼ਾਮਲ ਹਨ।
ਹੜ੍ਹਾਂ ਕਾਰਨ ਪੰਜਾਬ ’ਚ ਹੁਣ ਤੱਕ ਕੁੱਲ੍ਹ 1018 ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ’ਚ ਪਠਾਨਕੋਟ ਦੇ 81, ਫਾਜ਼ਿਲਕਾ ਦੇ 52, ਤਰਨ ਤਾਰਨ ਦੇ 45, ਸ੍ਰੀ ਮੁਕਤਸਰ ਸਾਹਿਬ ਦੇ 64, ਸੰਗਰੂਰ ਦੇ 22, ਫਿਰੋਜ਼ਪੁਰ ਦੇ 101, ਕਪੂਰਥਲਾ ਦੇ 107, ਗੁਰਦਾਸਪੁਰ ਦੇ 323, ਹੁਸ਼ਿਆਰਪੁਰ ਦੇ 85 ਅਤੇ ਮੋਗਾ ਦੇ 35 ਪਿੰਡ ਸ਼ਾਮਲ ਹਨ। ਹੜ੍ਹਾਂ ਕਾਰਨ ਪੰਜਾਬ ਨੂੰ ਭਾਰੀ ਮਾਲੀ ਨੁਕਸਾਨ ਵੀ ਝੱਲਣਾ ਪਿਆ ਹੈ। ਫਸਲਾਂ ਨੂੰ ਮਾਰ ਪਈ ਹੈ ਅਤੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਹੈ। ਜ਼ਿਲ੍ਹਾ ਹੈੱਡਕੁਆਟਰਾਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਫਾਜ਼ਿਲਕਾ ’ਚ 16632 ਹੈਕਟੇਅਰ (41099 ਏਕੜ) ਭੂਮੀ ਹੜ੍ਹਾਂ ਦੀ ਮਾਰ ਹੇਠ ਆਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ’ਚ 10806 ਹੈਕਟੇਅਰ ’ਚ ਫਸਲ ਨੂੰ ਨੁਕਸਾਨ ਪੁੱਜਾ ਹੈ। ਕਪੂਰਥਲਾ ’ਚ 11620, ਪਠਾਨਕੋਟ ’ਚ 7000, ਤਰਨਤਾਰਨ ’ਚ 9928 ਅਤੇ ਹੁਸ਼ਿਆਰਪੁਰ ’ਚ 5287 ਹੈਕਟੇਅਰ ’ਚ ਫਸਲ ਨੂੰ ਨੁਕਸਾਨ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com