ਭਾਰਤ-ਪਾਕਿਸਤਾਨ ਵਿਚਾਲੇ ਹੁਣ ਨਹੀਂ ਹੋਣਗੇ ਕ੍ਰਿਕਟ ਮੁਕਾਬਲੇ ? ICC ਟੂਰਨਾਮੈਂਟਾਂ 'ਚ ਵੀ...

ਭਾਰਤ-ਪਾਕਿਸਤਾਨ ਵਿਚਾਲੇ ਹੁਣ ਨਹੀਂ ਹੋਣਗੇ ਕ੍ਰਿਕਟ ਮੁਕਾਬਲੇ ? ICC ਟੂਰਨਾਮੈਂਟਾਂ 'ਚ ਵੀ...

ਲੰਡਨ– ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਆਰਥਟਨ ਨੇ ਦੋਸ਼ ਲਾਇਆ ਹੈ ਕਿ ‘ਆਰਥਿਕ ਲੋੜਾਂ’ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਟੂਰਨਾਮੈਂਟਾਂ ਵਿਚ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਿਆਂ ਨੂੰ ਤੈਅ ਕਰਨ ਲਈ ਡਰਾਅ ‘ਯੋਜਨਾਬੱਧ’ ਤਰੀਕੇ ਨਾਲ ਕੀਤਾ ਜਾਂਦਾ ਹੈ। ਉਸ ਨੇ ਦੋਵਾਂ ਪੁਰਾਣੇ ਵਿਰੋਧੀਆਂ ਵਿਚਾਲੇ ਕ੍ਰਿਕਟ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਖੇਡ ਵੱਡੇ ਤਣਾਅ ਅਤੇ ਮਾੜੇ ਪ੍ਰਚਾਰ ਦਾ ਜ਼ਰੀਆ’ ਬਣ ਗਈ ਹੈ।

ਆਰਥਨ ਨੇ ਏਸ਼ੀਆ ਕੱਪ ਵਿਚ ਹਾਲ ਹੀ ਵਿਚ ਹੋਏ ‘ਹੰਗਾਮੇ’ ਦਾ ਹਵਾਲਾ ਦਿੱਤਾ, ਜਿੱਥੇ ਭਾਰਤੀ ਟੀਮ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਦਾ ਪਾਕਿਸਤਾਨੀ ਮੁਖੀ ਮੋਹਸਿਨ ਨਕਵੀ ਜੇਤੂ ਟਰਾਫੀ ਆਪਣੇ ਨਾਲ ਲੈ ਕੇ ਚਲਾ ਗਿਆ ਸੀ ਕਿਉਂਕਿ ਭਾਰਤੀਆਂ ਨੇ ਉਸ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਆਰਥਟਨ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ 2013 ਤੋਂ ਹਰ ਆਈ. ਸੀ. ਸੀ. ਟੂਰਨਾਮੈਂਟ ਦੇ ਗਰੁੱਪ ਪੜਾਅ ਵਿਚ ਇਕ-ਦੂਜੇ ਨਾਲ ਭਿੜਦੇ ਰਹੇ ਹਨ, ਜਿਸ ਵਿਚ ਤਿੰਨ 50 ਓਵਰਾਂ ਦੇ ਵਿਸ਼ਵ ਕੱਪ, ਪੰਜ ਟੀ-20 ਵਿਸ਼ਵ ਕੱਪ ਤੇ ਤਿੰਨ ਚੈਂਪੀਅਨਜ਼ ਟਰਾਫੀ ਮੁਕਾਬਲੇ ਸ਼ਾਮਲ ਹਨ।’’

ਉਸ ਨੇ ਕਿਹਾ,‘‘ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸ਼ੁਰੂਆਤੀ ਪੜਾਅ ਸਿੰਗਲ ਰਾਊਂਡ ਰੌਬਿਨ ਰਿਹਾ ਹੋਵੇ, ਜਿਸ ਦੀ ਇਕ ਵਜ੍ਹਾ ਭਾਰਤ ਬਨਾਮ ਪਾਕਿਸਤਾਨ ਮੁਕਾਬਲੇ ਦੀ ਲੋੜ ਹੈ ਜਾਂ ਫਿਰ ਕਈ ਗਰੁੱਪ ਜਿੱਥੇ ਮੁਕਾਬਲੇ ਦੇ ਪ੍ਰੋਗਰਾਮ ਲਈ ਡਰਾਅ ਦਾ ਆਯੋਜਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ।’’

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਆਪਣੇ ਸਿਖਰ ’ਤੇ ਹੈ ਜਿਸ ਵਿਚ ਪਾਕਿਸਾਤਨ ਸਮਰਥਿਤ ਅੱਤਵਾਦੀਆਂ ਨੇ 26 ਭਾਰਤੀਆਂ ਦੀ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਮਈ ਵਿਚ ਭਾਰਤ ਨੇ ਸੈਨਿਕ ਕਾਰਵਾਈ ਕੀਤੀ ਸੀ।

ਆਰਥਟਨ ਨੇ ਕਿਹਾ, ‘‘ਦੋਵਾਂ ਦੇਸ਼ਾਂ ਵਿਚਾਲੇ ਘੱਟ ਮੈਚਾਂ (ਸ਼ਾਇਦ ਅੰਸ਼ਿਕ ਰੂਪ ਨਾਲ ਇਸਦੀ ਕਮੀ) ਦੇ ਕਾਰਨ ਇਹ ਇਕ ਅਜਿਹਾ ਮੁਕਾਬਲਾ ਹੈ, ਜਿਸ ਦਾ ਆਰਥਿਕ ਅਸਰ ਬਹੁਤ ਜ਼ਿਆਦਾ ਹੈ, ਇਹ ਹੀ ਇਕ ਮੁੱਖ ਕਾਰਨ ਹੈ ਕਿ ਆਈ. ਸੀ. ਸੀ. ਟੂਰਨਾਮੈਂਟਾਂ ਦੇ ਪ੍ਰਸਾਰਣ ਅਧਿਕਾਰ ਇੰਨੇ ਵੱਧ ਕੀਮਤੀ ਹਨ, ਸਭ ਤੋਂ ਹਾਲੀਆ ਅਧਿਕਾਰ 2023-27 ਪੜਾਅ ਲਈ ਲੱਗਭਗ 3 ਅਰਬ ਡਾਲਰ ਵਿਚ ਹੈ।’’

ਉਸ ਨੇ ਕਿਹਾ, ‘‘ਦੋ ਪੱਖੀ ਮੈਚਾਂ ਦੀ ਮਹੱਤਤਾ ਵਿਚ ਮੁਕਾਬਲਤਨ ਗਿਰਾਵਟ ਨੇ ਆਈ.ਸੀ.ਸੀ. ਮੁਕਾਬਲਿਆਂ ਦੀ ਬਾਰੰਬਾਰਤਾ ਅਤੇ ਮਹੱਤਤਾ ਨੂੰ ਵਧਾਇਆ ਹੈ ਅਤੇ ਇਸ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਉਨ੍ਹਾਂ ਦੇਸ਼ਾਂ ਲਈ ਵੀ ਮਹੱਤਵਪੂਰਨ ਹਨ ਜਿਨ੍ਹਾਂ ਦਾ ਇਸ ਖੇਡ ਵਿਚ ਕੋਈ ਮਹੱਤਵ ਨਹੀਂ ਹੈ।’’

ਆਰਥਟਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੋਵਾਂ ਪੁਰਾਣੇ ਵਿਰੋਧੀਆਂ ਵਿਚਾਲੇ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਘੱਟ ਤੋਂ ਘੱਟ ਇਕ ਵਾਰ ਟੱਕਰ ਤੈਅ ਕਰਨ ਵਾਲੀ ‘ਰਣਨੀਤਿਕ ਰੂਪ ਨਾਲ ਸਮਰਥਿਤ ਯੋਜਨਾ’ ਨੂੰ ਖਤਮ ਕੀਤਾ ਜਾਵੇ। ਹਾਲ ਹੀ ਵਿਚ ਹੋਏ ਏਸ਼ੀਆ ਕੱਪ ਵਿਚ ਡਰਾਅ ਤੇ ਪ੍ਰੋਗਰਾਮ ਅਜਿਹਾ ਸੀ ਕਿ ਤਿੰਨ ਹਫਤਿਆਂ ਦੇ ਟੂਰਨਾਮੈਂਟ ਵਿਚ ਦੋਵੇਂ ਟੀਮ ਹਰ ਐਤਵਾਰ ਨੂੰ ਆਹਮੋ-ਸਾਹਮਣੇ ਹੋਈਆਂ।

ਉਸ ਨੇ ਕਿਹਾ, ‘‘ਜੇਕਰ ਕ੍ਰਿਕਟ ਕਦੇ ਕੂਟਨੀਤੀ ਦਾ ਜ਼ਰੀਆ ਸੀ ਤਾਂ ਹੁਣ ਇਹ ਸਪੱਸ਼ਟ ਰੂਪ ਨਾਲ ਵੱਡਾ ਤਣਾਅ ਤੇ ਮਾੜੇ ਪ੍ਰਚਾਰ ਦਾ ਜ਼ਰੀਆ ਬਣ ਗਈ ਹੈ। ਕਿਸੇ ਵੀ ਗੰਭੀਰ ਖੇਡ ਲਈ ਆਪਣੀ ਆਰਥਿਕ ਲੋੜਾਂ ਦੇ ਹਿਸਾਬ ਨਾਲ ਟੂਰਨਾਮੈਂਟ ਦੇ ਮੈਚ ਆਯੋਜਿਤ ਕਰਨਾ ਕਿਸੇ ਵੀ ਸੂਰਤ ਵਿਚ ਸਹੀ ਨਹੀਂ ਹੈ ਤੇ ਹੁਣ ਜਦੋਂ ਇਸ ਪ੍ਰਤੀਯੋਗਿਤਾ ਦਾ ਦੂਜੇ ਤਰੀਕਿਆਂ ਨਾਲ ਫਾਇਦਾ ਚੁੱਕਿਆ ਜਾ ਰਿਹਾ ਹੈ ਤਾਂ ਇਸਦਾ ਤਰਕ ਹੋਰ ਵੀ ਘੱਟ ਹੈ।’’

ਆਰਥਟਨ ਨੇ ਕਿਹਾ, ‘‘ਅਗਲੇ ਪ੍ਰਸਾਰਣ ਅਧਿਕਾਰ ਪੜਾਅ ਲਈ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਤੋਂ ਪਹਿਲਾਂ ਮੁਕਾਬਲਿਆਂ ਦਾ ਡਰਾਅ ਪਾਰਦਰਸ਼ੀ ਹੋਣਾ ਚਾਹੀਦਾ ਹੈ ਤੇ ਜੇਕਰ ਦੋਵੇਂ ਟੀਮਾਂ ਹਰ ਵਾਰ ਨਹੀਂ ਭਿੜਦੀਆਂ ਤਾਂ ਕੋਈ ਗੱਲ ਨਹੀਂ ਹੈ।’’

ਸਾਲ 2008 ਵਿਚ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਤੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਦੋ-ਪੱਖੀ ਕ੍ਰਿਕਟ ਸਬੰਧ ਨਹੀਂ ਹੈ। ਏਸ਼ੀਆ ਕੱਪ ਤੋਂ ਕੁਝ ਦਿਨ ਪਹਿਲਾਂ ਭਾਰਤ ਸਰਕਾਰ ਨੇ ਦੋਵਾਂ ਦੇਸ਼ਾਂ ਵਿਚਾਲੇ ਨਿਰਪੱਖ ਸਥਾਨਾਂ ’ਤੇ ਵੀ ਦੋ-ਪੱਖੀ ਮੁਕਾਬਲਿਆਂ ਦੇ ਆਯੋਜਨ ’ਤੇ ਪੂਰਣ ਪਾਬੰਦੀ ਲਾਉਣ ਦੀ ਨੀਤੀ ਬਣਾਈ ਪਰ ਓਲੰਪਿਕ ਚਾਰਟਰ ਦੀ ਪਾਲਣਾ ਤੈਅ ਕਰਨ ਲਈ ਬਹੁਦੇਸ਼ੀ ਪ੍ਰਤੀਯੋਗਿਤਾਵਾਂ ਨੂੰ ਇਸ ਤੋਂ ਛੋਟ ਦਿੱਤੀ ਗਈ।

ਆਰਥਟਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਜਾਣਬੁੱਝ ਕੇ ਇਕ-ਦੂਜੇ ਨਾਲ ਰੱਖਿਆ ਜਾ ਰਿਹਾ ਹੈ, ਜਿਸ ਨਾਲ ਉਸ ਤਣਾਅ ਦਾ ਫਾਇਦਾ ਚੁੱਕਿਆ ਜਾ ਸਕੇ ਜਿਹੜਾ ਮੈਦਾਨ ਤੇ ਟੀ.ਵੀ. ’ਤੇ ਦਰਸ਼ਕਾਂ ਦੀ ਗਿਣਤੀ ਨੂੰ ਖਿੱਚਦਾ ਹੈ ਤੇ ਚੰਗੇ ਇਸ਼ਤਿਹਾਰ ਮਾਲੀਆ ਲਈ ਮਹੱਤਵਪੂਰਨ ਹੈ।

ਉਸ ਨੇ ਕਿਹਾ, ‘‘ਇਸ ‘ਸਿਸਟਮ’ ਨੂੰ ਕਈ ਕਾਰਨਾਂ ਤੋਂ ਖੇਡ ਦੇ ਅੰਦਰ ਚੁੱਪਚਾਪ ਸਮਰਥਨ ਪ੍ਰਾਪਤ ਹੈ। ਸਭ ਤੋਂ ਸਪੱਸ਼ਟ ਕਾਰਨ ਇਹ ਹੈ ਕਿ ਸਿਆਸੀ ਤਣਾਅ ਦੇ ਕਾਰਨ ਦੋਵੇਂ ਟੀਮਾਂ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਦੌਰਾਨ ਇਕ-ਦੂਜੇ ਨਾਲ ਨਹੀਂ ਭਿੜਦੀਆਂ।’’

ਆਰਥਟਨ ਨੇ ਕਿਹਾ ਕਿ ਇਕ-ਦੂਜੇ ਦੇ ਮੈਦਾਨ ’ਤੇ ਕ੍ਰਿਕਟ ਕਦੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਜ਼ਰੀਆ ਹੋਇਆ ਕਰਦੀ ਸੀ ਪਰ ਹੌਲੀ-ਹੌਲੀ ਇਸ ’ਤੇ ਸੰਨਾਟਾ ਛਾ ਗਿਆ। ਉਸ ਨੇ ਕਿਹਾ, ‘‘ਫਿਲਹਾਲ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਵਿਚ ਹੀ ਦੋਵਾਂ ਟੀਮਾਂ ਵਿਚਾਲੇ ਮੁਕਾਬਲੇ ਹੁੰਦੇ ਹਨ ਤੇ ਹੁਣ ਉਹ ਵੀ ਨਿਰਪੱਖ ਮੈਦਾਨ ’ਤੇ। ਹਾਲ ਹੀ ਵਿਚ ਚੈਂਪੀਅਨਜ਼ ਟਰਾਫੀ ਵਿਚ ਇਸ ’ਤੇ ਕਾਫੀ ਬਹਿਸ ਹੋਈ ਸੀ ਜਦੋਂ ਭਾਰਤ ਨੇ ਪਾਕਿਸਤਾਨ ਦੀ ਮੇਜ਼ਬਾਨੀ ਵਿਚ ਹੋਏ ਟੂਰਨਾਮੈਂਟ ਦੇ ਆਪਣੇ ਸਾਰੇ ਮੈਚ ਦੁਬਈ ਵਿਚ ਖੇਡੇ।’’

Credit : www.jagbani.com

  • TODAY TOP NEWS