ਜੈਸਲਮੇਰ: ਰਾਜਸਥਾਨ ਦੇ ਜੈਸਲਮੇਰ ਵਿੱਚ ਜੈਸਲਮੇਰ-ਜੋਧਪੁਰ ਹਾਈਵੇਅ 'ਤੇ ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਜੈਸਲਮੇਰ ਤੋਂ ਜੋਧਪੁਰ ਜਾ ਰਹੀ ਇੱਕ ਚਲਦੀ ਏ.ਸੀ. ਸਲੀਪਰ ਬੱਸ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਸੀ ਕਿ ਬੱਸ ਦੇਖਦਿਆਂ ਹੀ ਦੇਖਦਿਆਂ ਅੱਗ ਦਾ ਗੋਲਾ ਬਣ ਗਈ।
ਅੱਗ ਦੀਆਂ ਲਪਟਾਂ ਵਧਦੀਆਂ ਵੇਖ ਕੇ ਬੱਸ ਵਿੱਚ ਸਵਾਰ ਯਾਤਰੀਆਂ ਨੇ ਆਪਣੀ ਜਾਨਾਂ ਬਚਾਉਣ ਲਈ ਚਲਦੀ ਬੱਸ ਵਿੱਚੋਂ ਹੀ ਛਾਲਾਂ ਮਾਰ ਦਿੱਤੀਆਂ। ਹਾਦਸਾ ਜੈਸਲਮੇਰ ਦੇ ਥਈਯਾਤ ਪਿੰਡ ਨੇੜੇ ਹੋਇਆ। ਬੱਸ ਦੇ ਪਿਛਲੇ ਹਿੱਸੇ ਵਿੱਚ ਅਚਾਨਕ ਧੂੰਆਂ ਉੱਠਣ ਲੱਗਾ, ਜਿਸ ਤੋਂ ਬਾਅਦ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਅਤੇ ਧੂੰਆਂ ਕਾਫੀ ਉਚਾਈ ਤੱਕ ਉੱਠਦਾ ਰਿਹਾ।
ਇਸ ਭਿਆਨਕ ਹਾਦਸੇ ਵਿੱਚ ਭਾਰੀ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਨਗਰ ਕੌਂਸਲ ਦੇ ਸਹਾਇਕ ਫਾਇਰ ਅਫਸਰ ਕ੍ਰਿਸ਼ਨਪਾਲ ਸਿੰਘ ਰਾਠੌੜ ਨੇ ਖਦਸ਼ਾ ਜਤਾਇਆ ਹੈ ਕਿ 10 ਤੋਂ 12 ਲੋਕਾਂ ਦੀ ਮੌਤ ਹੋ ਜਾਣ ਦਾ ਖਦਸ਼ਾ ਹੈ। ਬੱਸ ਵਿੱਚ ਕੁੱਲ 57 ਲੋਕ ਸਵਾਰ ਸਨ। ਹਾਦਸੇ ਵਿੱਚ 3 ਬੱਚਿਆਂ ਅਤੇ 4 ਔਰਤਾਂ ਸਮੇਤ ਕੁੱਲ 16 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਝੁਲਸੇ ਯਾਤਰੀਆਂ ਵਿੱਚੋਂ ਜ਼ਿਆਦਾਤਰ 70 ਫੀਸਦ ਤੱਕ ਜਲ ਚੁੱਕੇ ਹਨ। ਕਈ ਯਾਤਰੀਆਂ ਦੇ ਹੱਥ-ਪੈਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।
ਸ਼ੁਰੂਆਤੀ ਜਾਣਕਾਰੀ ਅਨੁਸਾਰ, ਬੱਸ ਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਰਾਹਗੀਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਗਈ। ਝੁਲਸੇ ਹੋਏ ਯਾਤਰੀਆਂ ਨੂੰ ਤਿੰਨ ਐਂਬੂਲੈਂਸਾਂ ਰਾਹੀਂ ਜੈਸਲਮੇਰ ਦੇ ਜਵਾਹਰ ਹਸਪਤਾਲ ਲਿਜਾਇਆ ਗਿਆ। ਯਾਤਰੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਨ੍ਹਾਂ ਸਾਰਿਆਂ ਨੂੰ ਤੁਰੰਤ ਜੋਧਪੁਰ ਰੈਫਰ ਕਰ ਦਿੱਤਾ ਗਿਆ ਹੈ।
Credit : www.jagbani.com