ਜੈਸਲਮੇਰ: ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ‘ਚ ਮੰਗਲਵਾਰ ਦੁਪਹਿਰ ਇੱਕ ਪ੍ਰਾਈਵੇਟ ਬੱਸ ਵਿੱਚ ਅਚਾਨਕ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਸ ਦਰਦਨਾਕ ਹਾਦਸੇ ਵਿੱਚ ਲਗਭਗ 20 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਦਸੇ ਦੇ ਬਾਅਦ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਜੋ ਦ੍ਰਿਸ਼ ਦੱਸੇ, ਉਹ ਰੂਹ ਕੰਬਾ ਦੇਣ ਵਾਲੇ ਹਨ।
ਚਸ਼ਮਦੀਦ ਜਿਤੇਂਦਰ ਸਵਾਮੀ ਨੇ ਦੱਸਿਆ, "ਅਸੀਂ ਰਾਹ ‘ਚ ਜਾ ਰਹੇ ਸੀ ਤਾਂ ਅਚਾਨਕ ਧੂੰਆ ਉੱਠਦਾ ਵੇਖਿਆ। ਜਦੋਂ ਨੇੜੇ ਪਹੁੰਚੇ ਤਾਂ ਮੰਜ਼ਰ ਬਹੁਤ ਭਿਆਨਕ ਸੀ। ਕਈ ਲੋਕਾਂ ਦੀ ਚਮੜੀ ਤੱਕ ਸੜੀ ਹੋਈ ਸੀ, ਸਰੀਰ ਤੋਂ ਖੂਨ ਨਿਕਲ ਰਿਹਾ ਸੀ। ਔਰਤਾਂ ਦੇ ਕੱਪੜੇ ਪੂਰੇ ਸੜ ਗਏ ਸਨ, ਅਸੀਂ ਲੋਕਾਂ ਤੋਂ ਕੱਪੜੇ ਮੰਗ ਕੇ ਉਹਨਾਂ ‘ਤੇ ਪਾਏ।"
ਉਸਨੇ ਕਿਹਾ ਕਿ 15 ਤੋਂ ਵੱਧ ਲੋਕ ਸੜਕ ‘ਤੇ ਬੇਹੋਸ਼ ਹਾਲਤ ਵਿੱਚ ਪਏ ਸਨ, ਕੋਈ ਦਰੱਖ਼ਤ ਹੇਠ ਬੇਸੁਧ ਸੀ, ਤਾਂ ਕੋਈ ਸੜਕ ‘ਤੇ ਪਿਆ ਤੜਫ਼ ਰਿਹਾ ਸੀ। ਜਿਵੇਂ ਹੀ ਐਂਬੂਲੈਂਸ ਮੌਕੇ ‘ਤੇ ਪਹੁੰਚੀ, ਘਾਇਲਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ।
ਸਰਕਾਰ ਨੇ ਜਤਾਇਆ ਦੁੱਖ
ਰਾਜਸਥਾਨ ਦੇ ਰਾਜਪਾਲ ਹਰਿਭਾਉ ਬਾਗਡੇ ਅਤੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਇਸ ਹਾਦਸੇ ‘ਤੇ ਗਹਿਰਾ ਦੁੱਖ ਜਤਾਇਆ ਹੈ। ਮੁੱਖ ਮੰਤਰੀ ਨੇ ਇਸਨੂੰ “ਦਿਲ ਦਹਿਲਾਉਣ ਵਾਲਾ ਹਾਦਸਾ” ਦੱਸਦਿਆਂ ਜ਼ਖ਼ਮੀਆਂ ਦੇ ਇਲਾਜ ਲਈ ਤੁਰੰਤ ਪ੍ਰਬੰਧ ਕਰਨ ਅਤੇ ਪ੍ਰਭਾਵਿਤਾਂ ਨੂੰ ਸਹਾਇਤਾ ਦੇਣ ਦੇ ਹੁਕਮ ਦਿੱਤੇ ਹਨ।
ਕਿਵੇਂ ਹੋਇਆ ਹਾਦਸਾ
ਪੁਲਸ ਦੇ ਅਨੁਸਾਰ, ਬੱਸ ਜੈਸਲਮੇਰ ਤੋਂ ਜੋਧਪੁਰ ਜਾ ਰਹੀ ਸੀ, ਜਦੋਂ ਥਈਆਤ ਪਿੰਡ ਦੇ ਨੇੜੇ ਦੁਪਹਿਰ ਤਿੰਨ ਵਜੇ ਦੇ ਕਰੀਬ ਬੱਸ ਦੇ ਪਿੱਛਲੇ ਹਿੱਸੇ ‘ਚੋਂ ਧੂੰਆ ਨਿਕਲਣ ਲੱਗਾ। ਡਰਾਈਵਰ ਨੇ ਬੱਸ ਸੜਕ ਕਿਨਾਰੇ ਰੋਕੀ, ਪਰ ਕੁਝ ਹੀ ਸੈਕਿੰਡਾਂ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਅਤੇ ਫ਼ਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਸਾਰੇ ਜ਼ਖਮੀਆਂ ਨੂੰ ਜੈਸਲਮੇਰ ਦੇ ਜਵਾਹਰ ਹਸਪਤਾਲ ਭੇਜਿਆ ਗਿਆ ਹੈ। ਇਹ ਹਾਦਸਾ ਸਾਬਤ ਕਰਦਾ ਹੈ ਕਿ ਸੜਕ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਾਂ ਦੀ ਕਮੀ ਅਜੇ ਵੀ ਕਈ ਜ਼ਿੰਦਗੀਆਂ ਨੂੰ ਖਤਰੇ ‘ਚ ਪਾ ਰਹੀ ਹੈ।
Credit : www.jagbani.com