ਚੰਡੀਗੜ੍ਹ : ਪੰਜਾਬ ਸਰਕਾਰ ਦੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੀਆਂ ਸੁਹਿਰਦ ਕੋਸ਼ਿਸ਼ਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੀਜਾ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਕਰਵਾਇਆ ਜਾ ਰਿਹਾ ਹੈ। ਡਾ. ਅਮਰਨਾਥ ਸਿੰਘ ਆਈ. ਏ. ਐੱਸ. (ਰਿਟਾ.) ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਿਆ ਗਿਆ ਕਿ 15 ਅਗਸਤ ਤੋਂ ਪੰਜਾਬੀ ਓਲੰਪਿਆਡ 'ਚ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਲਈ 31 ਅਕਤੂਬਰ, 2025 ਤੱਕ ਰਜਿਸਟ੍ਰੇਸ਼ਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੰਜਾਬੀ ਓਲੰਪਿਆਡ ਕਰਵਾਉਣ ਦਾ ਮੁੱਖ ਮਕਸਦ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਨੂੰ ਉਨ੍ਹਾਂ ਦੇ ਅਮੀਰ ਵਿਰਸੇ ਨਾਲ ਜੋੜਨਾ ਅਤੇ ਪੰਜਾਬੀ ਭਾਸ਼ਾ ਦੇ ਅਮੀਰ ਵਿਰਸੇ ਨੂੰ ਸੰਭਾਲਣਾ ਅਤੇ ਪ੍ਰਫੁੱਲਿਤ ਕਰਨਾ ਹੈ।
ਤੀਜੇ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ 'ਚ ਖਿੱਚ ਦਾ ਵਿਸ਼ੇਸ਼ ਕੇਂਦਰ ਇਹ ਹੈ ਕਿ ਇਸ ਸਾਲ ਜੇਤੂ ਵਿਦਿਆਰਥੀਆਂ ਦਾ ਨਕਦ ਰਾਸ਼ੀ ਨਾਲ ਸਨਮਾਨ ਕਰਨ ਦੇ ਨਾਲ-ਨਾਲ ਉਨ੍ਹਾਂ ਸਕੂਲਾਂ ਅਤੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ, ਜਿਨ੍ਹਾਂ ਵੱਲੋਂ ਓਲੰਪਿਆਡ 'ਚ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਵਿਸਥਾਰ 'ਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪ੍ਰਾਇਮਰੀ ਵਰਗ (8 ਤੋਂ 12 ਸਾਲ) ਲਈ ਰਜਿਸਟ੍ਰੇਸ਼ਨ ਫ਼ੀਸ 50 ਰੁਪਏ ਰੱਖੀ ਗਈ ਹੈ, ਜੋ ਪਹਿਲਾਂ 100 ਰੁਪਏ ਸੀ। ਮਿਡਲ ਵਰਗ (12 ਤੋਂ 14 ਸਾਲ) ਅਤੇ ਸੈਕੰਡਰੀ ਵਰਗ (14 ਤੋਂ 16 ਸਾਲ) ਲਈ ਰਜਿਸਟ੍ਰੇਸ਼ਨ ਫ਼ੀਸ 100 ਰੁਪਏ ਰੱਖੀ ਗਈ ਹੈ।
ਐੱਨ. ਆਰ. ਆਈ. ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫ਼ੀਸ 800 ਰੁਪਏ ਰੱਖੀ ਗਈ ਹੈ। ਪਿਛਲੇ ਸਾਲਾਂ 'ਚ ਪ੍ਰਸ਼ਨਾਂ ਦਾ ਆਧਾਰ ਸਿਰਫ ਤਿਆਰ ਕੀਤੀ ਗਈ ਸਮੱਗਰੀ ਤੱਕ ਸੀਮਤ ਸੀ ਪਰ ਇਸ ਵਾਰ ਇਸ ਦੇ ਨਾਲ-ਨਾਲ ਉਮਰ ਮੁਤਾਬਕ ਸਿਲੇਬਸ ’ਚੋਂ ਵੀ ਸਵਾਲ ਸ਼ਾਮਲ ਕੀਤੇ ਗਏ ਹਨ ਤਾਂ ਜੋ ਓਲੰਪਿਆਡ ਪਾਠਕ੍ਰਮ ਨਾਲ ਹੀ ਜੁੜਿਆ ਰਹੇ। ਇਸ ਤੋਂ ਇਲਾਵਾ ਪਿਛਲੇ ਸਾਲਾਂ 'ਚ ਸਿਰਫ ਆਨਲਾਈਨ ਪ੍ਰੀਖਿਆ ਹੀ ਕਰਵਾਈ ਗਈ ਸੀ, ਜਦ ਕਿ ਇਸ ਵਾਰ ਇਹ ਪ੍ਰੀਖਿਆ ਆਨਲਾਈਨ ਅਤੇ ਆਫਲਾਈਨ ਦੋਹਾਂ ਤਰੀਕਿਆਂ ਨਾਲ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com