ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਤੇ ਕਰਵਾਰ ਦੇ ਤੱਟ 'ਤੇ ਆਈਐਨਐਸ ਵਿਕਰਾਂਤ ਦਾ ਦੌਰਾ ਕੀਤਾ। ਇਸ ਦੌਰਾਨ ਜਲ ਸੈਨਾ ਦੇ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਨੂੰ ਆਪਣਾ ਸੁਭਾਗ ਦੱਸਿਆ ਅਤੇ ਕਿਹਾ ਕਿ ਇਹ ਦੀਵਾਲੀ ਕਈ ਮਾਇਨਿਆਂ ਵਿੱਚ ਖਾਸ ਬਣ ਗਈ ਹੈ। ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੀਪਾਵਲੀ ਦੇ ਮੌਕੇ 'ਤੇ ਹਰ ਕਿਸੇ ਦਾ ਮਨ ਆਪਣੇ ਪਰਿਵਾਰ ਦੇ ਵਿਚਕਾਰ ਦੀਵਾਲੀ ਮਨਾਉਣ ਦਾ ਕਰਦਾ ਹੈ। ਉਨ੍ਹਾਂ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਤੁਸੀਂ ਜੋ ਮੇਰੇ ਪਰਿਵਾਰ ਹੋ, ਉਨ੍ਹਾਂ ਦੇ ਵਿਚਕਾਰ ਮੈਂ ਦੀਵਾਲੀ ਮਨਾਉਣ ਚਲਾ ਜਾਂਦਾ ਹਾਂ। ਮੈਂ ਵੀ ਇਹ ਦੀਵਾਲੀ ਮੇਰੇ ਪਰਿਵਾਰ ਜਨਾਂ ਨਾਲ ਮਨਾ ਰਿਹਾ ਹਾਂ"। ਪ੍ਰਧਾਨ ਮੰਤਰੀ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਜਵਾਨਾਂ ਦੇ ਵਿਚਕਾਰ ਦੀਪਾਵਲੀ ਦਾ ਤਿਉਹਾਰ ਮਨਾਉਣਾ ਉਨ੍ਹਾਂ ਦਾ ਸੁਭਾਗ ਹੈ। ਉਨ੍ਹਾਂ ਨੇ ਕਿਹਾ ਕਿ ਸਮੁੰਦਰ ਦੇ ਪਾਣੀ 'ਤੇ ਸੂਰਜ ਦੀਆਂ ਕਿਰਨਾਂ ਦੀ ਚਮਕ ਜਵਾਨਾਂ ਦੁਆਰਾ ਜਗਾਏ ਗਏ ਦੀਵਾਲੀ ਦੇ ਦੀਵੇ ਹਨ, ਜੋ ਕਿ ਸਾਡੀਆਂ ਅਲੌਕਿਕ ਦੀਪਮਾਲਾਵਾਂ ਹਨ।
INS ਵਿਕ੍ਰਾਂਤ 'ਤੇ ਪ੍ਰਗਟਾਈ ਗਈ ਪ੍ਰਤਿਬੱਧਤਾ
ਪ੍ਰਧਾਨ ਮੰਤਰੀ ਮੋਦੀ ਨੇ INS ਵਿਕ੍ਰਾਂਤ ਦੀ ਤਾਰੀਫ ਕਰਦਿਆਂ ਕਿਹਾ ਕਿ ਜਿਸ ਦਾ ਨਾਮ ਹੀ ਦੁਸ਼ਮਣ ਦੇ ਹੌਸਲੇ ਦਾ ਅੰਤ ਕਰ ਦੇਵੇ, ਉਹ ਹੈ ਆਈਐਨਐਸ ਵਿਕ੍ਰਾਂਤ। ਉਨ੍ਹਾਂ ਨੇ ਵਿਕ੍ਰਾਂਤ ਨੂੰ ਸਿਰਫ਼ ਇੱਕ ਜੰਗੀ ਬੇੜਾ ਨਹੀਂ, ਸਗੋਂ ਇਹ 21ਵੀਂ ਸਦੀ ਦੇ ਭਾਰਤ ਦੀ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਪ੍ਰਤੀਬੱਧਤਾ ਦਾ ਪ੍ਰਮਾਣ ਦੱਸਿਆ। ਉਨ੍ਹਾਂ ਨੂੰ ਯਾਦ ਸੀ ਕਿ ਜਦੋਂ INS ਵਿਕ੍ਰਾਂਤ ਦੇਸ਼ ਨੂੰ ਸੌਂਪਿਆ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਵਿਕ੍ਰਾਂਤ ਵਿਸ਼ਾਲ, ਵਿਰਾਟ, ਵਿਹੰਗਮ, ਵਿਸ਼ੇਸ਼ ਅਤੇ ਵਿਲੱਖਣ ਹੈ।
ਆਪ੍ਰੇਸ਼ਨ ਸਿੰਦੂਰ ਤੇ ਆਤਮਨਿਰਭਰਤਾ 'ਤੇ ਜ਼ੋਰ
ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਦੇਸ਼ ਦੀਆਂ ਤਿੰਨੋਂ ਸੈਨਾਵਾਂ ਨੂੰ ਸਲਾਮ ਕੀਤਾ। ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਦਾ ਖਾਸ ਜ਼ਿਕਰ ਕੀਤਾ, ਜਿੱਥੇ ਤਿੰਨੋਂ ਸੈਨਾਵਾਂ ਦੇ ਜ਼ਬਰਦਸਤ ਤਾਲਮੇਲ ਨੇ ਪਾਕਿਸਤਾਨ ਨੂੰ ਇੰਨੀ ਜਲਦੀ ਗੋਡੇ ਟੇਕਣ ਲਈ ਮਜਬੂਰ ਕੀਤਾ ਸੀ। ਪੀਐਮ ਮੋਦੀ ਨੇ ਸੈਨਾ ਦੀ ਸ਼ਕਤੀ ਲਈ ਆਤਮਨਿਰਭਰਤਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਦੁਸ਼ਮਣ ਸਾਹਮਣੇ ਹੋਵੇ ਜਾਂ ਜੰਗ ਦੀ ਸੰਭਾਵਨਾ ਹੋਵੇ, ਤਾਂ ਜਿਸ ਕੋਲ ਆਪਣੇ ਦਮ 'ਤੇ ਲੜਨ ਦੀ ਤਾਕਤ ਹੁੰਦੀ ਹੈ, ਉਸ ਦਾ ਪਲੜਾ ਹਮੇਸ਼ਾ ਭਾਰੀ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਾਡਾ ਹਰ ਹਥਿਆਰ, ਔਜ਼ਾਰ ਅਤੇ ਪੁਰਜ਼ਾ ਭਾਰਤੀ (ਸਵਦੇਸ਼ੀ) ਹੁੰਦਾ ਜਾਵੇਗਾ, ਸਾਡੀ ਤਾਕਤ ਨੂੰ ਚਾਰ-ਚੰਨ ਲੱਗ ਜਾਣਗੇ।ਪੀਐਮ ਮੋਦੀ ਨੇ ਇਸੇ ਦੌਰਾਨ ਦੇਸ਼ ਵਾਸੀਆਂ ਨੂੰ ਭਾਰਤੀ ਉਤਪਾਦ ਖਰੀਦਣ ਦੀ ਅਪੀਲ ਵੀ ਕੀਤੀ।
Credit : www.jagbani.com