ਜੋਧਪੁਰ - ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਬਿਲਾੜਾ ਇਲਾਕੇ ‘ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਬਾਹਰ ਖੇਡ ਰਹੀ 3 ਸਾਲ ਦੀ ਬੱਚੀ ਦਾ ਇਕ ਵਿਅਕਤੀ ਵੱਲੋਂ ਅਗਵਾ ਕਰਕੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲੱਗਿਆ ਹੈ। ਪੁਲਸ ਦੇ ਅਨੁਸਾਰ, ਦੋਸ਼ੀ ਬਾਅਦ ‘ਚ ਬੱਚੀ ਨੂੰ ਉਸਦੇ ਘਰ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ।
ਬੱਚੀ ਦੇ ਰੋਣ ਦੀ ਆਵਾਜ਼ ਸੁਣਕੇ ਪਰਿਵਾਰਕ ਮੈਂਬਰ ਬਾਹਰ ਦੌੜੇ ਤੇ ਉਸਨੂੰ ਬਹੁਤ ਡਰੀ ਹੋਈ ਹਾਲਤ ਵਿੱਚ ਪਾਇਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਗੰਭੀਰ ਹਾਲਤ ਦੇਖਦਿਆਂ ਉਸਨੂੰ ਜੋਧਪੁਰ ਸ਼ਹਿਰ ਦੇ ਵੱਡੇ ਹਸਪਤਾਲ ‘ਚ ਰੈਫ਼ਰ ਕਰ ਦਿੱਤਾ।
ਪੁਲਸ ਨੇ 22 ਸਾਲ ਦੇ ਭਰਤਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਜੇਸੀਬੀ ਆਪਰੇਟਰ ਸਾਜ਼ਿਦ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ਵਿੱਚ ਲਿਆ ਹੈ। ਬਿਲਾੜਾ ਖੇਤਰ ਅਧਿਕਾਰੀ ਪਦਮਦਾਨ ਰਤਨੂ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ‘ਤੇ ਪਾਕਸੋ ਐਕਟ ਅਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਿਨੌਣੀ ਘਟਨਾ ਤੋਂ ਗੁੱਸੇ ‘ਚ ਆਏ ਸਥਾਨਕ ਵਾਸੀਆਂ ਨੇ ਬਜ਼ਾਰ ਬੰਦ ਰੱਖ ਕੇ ਦੋਸ਼ੀ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।
Credit : www.jagbani.com