ਸਵਾਰੀਆਂ ਨਾਲ ਭਰੀ ਬੱਸ ’ਚ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਤੋਂ ਛਾਲਾਂ ਮਾਰ ਬਚਾਈਆਂ ਜਾਨਾਂ

ਸਵਾਰੀਆਂ ਨਾਲ ਭਰੀ ਬੱਸ ’ਚ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਤੋਂ ਛਾਲਾਂ ਮਾਰ ਬਚਾਈਆਂ ਜਾਨਾਂ

ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਇਕ ਨਿੱਜੀ ਸਲਿੱਪਰ ਬੱਸ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਲੱਗਭਗ 100 ਲੋਕ ਸਵਾਰ ਸਨ। ਬੱਸ ਨੂੰ ਅੱਗ ਲੱਗਣ ਤੋਂ ਬਾਅਦ ਯਾਤਰੀਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰ ਦਿੱਤੀ।

ਜ਼ਿਲੇ ਦੇ ਮੈਗਲਗੰਜ ਕਸਬੇ ਵਿਚ ਬੁੱਧਵਾਰ ਦੀ ਸਵੇਰ ਦਿੱਲੀ ਤੋਂ ਸੀਤਾਪੁਰ ਜਾ ਰਹੀ ਸਲਿੱਪਰ ਬੱਸ ਵਿਚ ਅੱਗ ਲੱਗ ਗਈ। ਬੱਸ ਖਾਣ-ਪੀਣ ਲਈ ਮੁੱਖ ਚੌਕ ’ਤੇ ਰੁਕੀ ਸੀ। ਅਚਾਨਕ ਬੱਸ ਦੇ ਪਿਛਲੇ ਹਿੱਸੇ ’ਚੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ ਅਤੇ ਕੁਝ ਹੀ ਪਲਾਂ ਵਿਚ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਯਾਤਰੀ ਖਿੜਕੀਆਂ ਅਤੇ ਦਰਵਾਜ਼ਿਆਂ ’ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਰਹੇ ਪਰ ਉਨ੍ਹਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਵਿਚ ਲੱਗਭਗ 20 ਯਾਤਰੀ ਮਾਮੂਲੀ ਤੌਰ ’ਤੇ ਝੁਲਸ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਨੇੜਲੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । ਫਿਲਹਾਲ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੈਗਲਗੰਜ ਪੁਲਸ ਇੰਸਪੈਕਟਰ ਰਵਿੰਦਰ ਪਾਂਡੇ ਮੌਕੇ ’ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ । ਹਾਲਾਂਕਿ, ਫਾਇਰ ਬ੍ਰਿਗੇਡ ਦੀ ਟੀਮ 2 ਘੰਟਿਆਂ ਬਾਅਦ ਪਹੁੰਚੀ, ਉਦੋਂ ਤੱਕ ਬੱਸ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਚੁੱਕੀ ਸੀ। ਸਥਾਨਕ ਨਿਵਾਸੀਆਂ ਨੇ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ’ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ।

Credit : www.jagbani.com

  • TODAY TOP NEWS