ਜਲੰਧਰ-ਡੌਂਕੀ ਜ਼ਰੀਏ ਵੱਡੇ ਵਿਦੇਸ਼ਾਂ ਵਿਚ ਪਹੁੰਚਾਉਣ ਦਾ ਲਾਲਚ ਦੇ ਕੇ ਤਹਿਰਾਨ ਵਿਚ ਬੰਦੀ ਬਣਾ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਨੈੱਟਵਰਕ ਪੰਜਾਬ ਅਤੇ ਹਰਿਆਣਾ ਵਿਚ ਫੈਲ ਚੁੱਕਾ ਹੈ। ਇਥੋਂ ਤਕ ਕਿ ਪੰਜਾਬ ਦੇ ਬੰਦੀ ਬਣਾਏ ਲੋਕਾਂ ਦੇ ਪੈਸੇ ਜਲੰਧਰ ਤੋਂ ਚੁਕਵਾਏ ਜਾਂਦੇ ਹਨ, ਜਦਕਿ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਹੁੰਡੀ ਖ਼ੁਦ ਨੂੰ ਆੜ੍ਹਤੀ ਦੱਸ ਕੇ ਬੰਦੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਮੰਗਵਾ ਕੇ ਕ੍ਰਿਪਟੋ ਐਪ ਜ਼ਰੀਏ ਡੌਂਕਰ ਮਿੱਠੂ ਤਕ ਪੈਸੇ ਪਹੁੰਚਾ ਰਹੇ ਹਨ।
ਪਾਕਿਸਤਾਨ ਦੇ ਗੁਜਰਾਂਵਾਲਾ ਦਾ ਰਹਿਣ ਵਾਲਾ ਮਿੱਠੂ ਇਸ ਸਮੇਂ ਇਟਲੀ ਵਿਚ ਹੈ ਪਰ ਉਸ ਦਾ ਪੂਰਾ ਗਿਰੋਹ ਤਹਿਰਾਨ ਦੇ ਇਲਾਵਾ ਥਾਈਲੈਂਡ, ਦੁਬਈ ਅਤੇ ਬੇਲਾਰੂਸ ਵਿਚ ਐਕਟਿਵ ਹੈ। ਇਥੇ ਹੀ ਵੱਡੇ ਦੇਸ਼ਾਂ ਵਿਚ ਜਾਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਬੰਦੀ ਬਣਾਇਆ ਜਾਂਦਾ ਹੈ। ਤਹਿਰਾਨ ਵਿਚ ਵਧੇਰੇ ਨੂੰ ਸਟੇਅ (ਠਹਿਰਾਅ) ਦੇ ਨਾਂ ’ਤੇ ਲੋਕਾਂ ਦੇ ਘਰਾਂ ਵਿਚ ਬੰਦੀ ਬਣਾਉਣ ਲਈ ਇਕ ਕਲਾਇੰਟ ਨੂੰ ਮਿੱਠੂ 5 ਹਜ਼ਾਰ ਯੂਰੋ ਦਿੰਦਾ ਹੈ, ਜਦਕਿ ਉਹ ਬੰਦੀ ਨੂੰ ਰਿਹਾਅ ਕਰਨ ਲਈ ਭਾਰਤੀ ਕਰੰਸੀ ਵਿਚ ਪ੍ਰਤੀ ਵਿਅਕਤੀ 20 ਲੱਖ ਰੁਪਏ ਵਸੂਲਦਾ ਹੈ।
ਪੰਜਾਬ ਦੇ ਜਿਹੜੇ ਲੋਕਾਂ ਨੂੰ ਬੰਦੀ ਬਣਾਇਆ ਜਾਂਦਾ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਮਾਰ ਦੀਆਂ ਵੀਡੀਓ ਵਿਖਾ ਕੇ ਜੋ ਪੈਸੇ ਵਸੂਲੇ ਜਾਂਦੇ ਹਨ, ਉਹ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿਚ ਲਏ ਜਾਂਦੇ ਹਨ ਅਤੇ ਫਿਰ ਪੰਜਾਬ ਦਾ ਹੁੰਡੀ ਉਕਤ ਰਕਮ ਹਰਿਆਣਾ ਦੇ ਭੇਵੇ, ਕੈਥਲ, ਕੁਰੂਕਸ਼ੇਤਰ, ਕਰਨਾਲ, ਚੀਕਾ ਵਿਚ ਹੁੰਡੀ ਕੋਲ ਪਹੁੰਚਦਾ ਹੈ। ਉੱਥੋਂ ਦੇ ਕੁਝ ਹੁੰਡੀ (ਹਵਾਲਾ ਵਪਾਰੀ) ਖ਼ੁਦ ਨੂੰ ਆੜ੍ਹਤੀ ਦੱਸ ਕੇ ਇਹ ਧੰਦਾ ਕਰ ਰਹੇ ਹਨ, ਜੋ ਕ੍ਰਿਪਟੋ ਐਪ ਜ਼ਰੀਏ ਮਿੱਠੂ ਡੌਂਕਰ ਤਕ ਪੈਸੇ ਪਹੁੰਚਾ ਦਿੰਦੇ ਹਨ।

ਹਾਲ ਹੀ ਵਿਚ ਡੌਂਕਰ ਮਿੱਠੂ ਦੀ ਇਕ ਆਡੀਓ ਕਲਿੱਪ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਬੰਦੀ ਨੂੰ ਰਿਹਾਅ ਕਰਨ ਲਈ ਪੰਜਾਬ ਦੇ ਪਰਿਵਾਰ ਤੋਂ ਲੱਖਾਂ ਰੁਪਏ ਦੀ ਮੰਗ ਕਰ ਰਿਹਾ ਹੈ। ਉਸ ਕਲਿੱਪ ਵਿਚ ਬੰਦੀ ਬਣਾਏ ਪਰਿਵਾਰ ਦਾ ਇਕ ਰਿਸ਼ਤੇਦਾਰ ਮਿੱਠੂ ਨਾਲ ਬਹਿਸ ਕਰਦਾ ਹੈ ਤਾਂ ਉਹ ਪਰਿਵਾਰ ਅਤੇ 2 ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੈ ਪਰ ਇਸ ਦੌਰਾਨ ਇਕ ਔਰਤ ਵਿਚਾਲੇ ਆ ਕੇ ਮਿੱਠੂ ਦੀਆਂ ਮਿੰਨਤਾਂ ਕਰਕੇ ਪੈਸਾ ਦੇਣ ਦਾ ਭਰੋਸਾ ਦਿੰਦੀ ਹੈ, ਜਿਸ ਦੇ ਬਾਅਦ ਮਿੱਠੂ ਜਲਦ ਪੈਸੇ ਦੇਣ ਦੀ ਗੱਲ ਕਰਕੇ ਫੋਨ ਕੱਟ ਦਿੰਦਾ ਹੈ। ਅਜਿਹੇ ਕਈ ਪਰਿਵਾਰ ਮਿੱਠੂ ਦੇ ਗਿਰੋਹ ਨੇ ਤਹਿਰਾਨ ਵਿਚ ਬੰਦੀ ਬਣਾਏ ਹੋਏ ਹਨ, ਜਦਕਿ ਹੁਣ ਥਾਈਲੈਂਡ, ਦੁਬਈ ਅਤੇ ਬੇਲਾਰੂਸ ਵਿਚ ਵੀ ਸੇਫ (ਬੰਦੀ ਬਣਾਉਣਾ) ਲੱਗਣੀ ਸ਼ੁਰੂ ਹੋ ਗਈ ਹੈ।
ਹੁੰਡੀਆਂ ਨੂੰ ਪੇਮੈਂਟ ’ਚੋਂ ਕੁਝ ਹਿੱਸਾ ਦੇਣ ਦਾ ਦਿੰਦੈ ਲਾਲਚ
ਪਾਕਿਸਤਾਨੀ ਡੌਂਕਰ ਮਿੱਠੂ ਹਰਿਆਣਾ ਅਤੇ ਪੰਜਾਬ ਦੇ ਕੁਝ ਬਲੈਕਲਿਸਟ ਹੋ ਚੁੱਕੇ ਏਜੰਟਾਂ ਦੀ ਮਦਦ ਨਾਲ ਹੁੰਡੀ ਲੱਭਦਾ ਹੈ। ਏਜੰਟਾਂ ਅਤੇ ਹੁੰਡੀ ਨੂੰ ਉਹ ਬੰਦੀ ਆਂ ਦੇ ਪਰਿਵਾਰਕ ਮੈਂਬਰਾਂ ਤੋਂ ਆਉਣ ਵਾਲੀ ਪੇਮੈਂਟ ਵਿਚੋਂ ਕੁਝ ਹਿੱਸਾ ਦੇਣ ਦਾ ਲਾਲਚ ਦਿੰਦਾ ਹੈ, ਜਿਸ ਤੋਂ ਬਾਅਦ ਹੁੰਡੀ ਕ੍ਰਿਪਟੋ ਐਪ ਹੋਰਨਾਂ ਜ਼ਰੀਏ ਹਵਾਲਾ ਦਾ ਕੰਮ ਖ਼ੁਦ ਵੀ ਕਰ ਰਹੇ ਹਨ ਅਤੇ ਵੱਡੇ ਕਾਰੋਬਾਰੀਆਂ ਤੋਂ ਵੀ ਕਰਵਾ ਰਹੇ ਹਨ। ਕਈ ਅਜਿਹੇ ਕਰੰਟ ਅਕਾਊਂਟ ਹਨ ਜੋ ਖੁੱਲ੍ਹੇ ਤਾਂ ਭਾਰਤ ਵਿਚ ਹਨ ਪਰ ਉਨ੍ਹਾਂ ਦੇ ਅੰਤਰਰਾਸ਼ਟਰੀ ਏ. ਟੀ. ਐੱਮ. ਵਿਦੇਸ਼ਾਂ ਵਿਚ ਵਰਤੇ ਜਾ ਰਹੇ ਹਨ। ਹੁਣ ਅਕਾਊਂਟਸ ਵਿਚ ਵੀ ਿਕ੍ਰਪਟੋ ਐਪ ਜ਼ਰੀਏ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ, ਜੋ ਉਸੇ ਸਮੇਂ ਕਢਵਾ ਵੀ ਲਏ ਜਾਂਦੇ ਹਨ ਤਾਂ ਕਿ ਭਾਰਤ ਵਿਚ ਜੇਕਰ ਉਕਤ ਅਕਾਊਂਟ ਫ੍ਰੀਜ਼ ਵੀ ਹੋਣ ਤਾਂ ਉਨ੍ਹਾਂ ਨੂੰ ਕੋਈ ਫਰਕ ਨਾ ਪਵੇ।
ਨਾਜਾਇਜ਼ ਸੰਬੰਧਾਂ ਕਾਰਨ ਆਪਣੀਆਂ ਭੈਣਾਂ ਦਾ ਕਤਲ ਕਰਵਾ ਚੁੱਕਿਐ ਮਿੱਠੂ ਡੌਂਕਰ
ਭਰੋਸੇਮੰਦ ਸੂਤਰਾਂ ਦੀ ਮੰਨੀਏ ਨੇ ਇਟਲੀ ਵਿਚ ਰਹਿ ਰਹੇ ਮਿੱਠੂ ਨੇ ਆਪਣੇ ਪਿਤਾ ਤੋਂ ਹੀ ਆਪਣੀਆਂ ਭੈਣਾਂ ਦਾ ਕਤਲ ਕਰਵਾ ਦਿੱਤਾ ਸੀ। ਦਰਅਸਲ ਮਿੱਠੂ ਨੂੰ ਪਤਾ ਲੱਗਾ ਸੀ ਕਿ ਉਸ ਦੀਆਂ ਭੈਣਾਂ ਨੌਜਵਾਨਾਂ ਨਾਲ ਫੋਨ ’ਤੇ ਗੱਲਾਂ ਕਰਦੀਆਂ ਸਨ। ਉਸ ਨੇ ਆਪਣੇ ਪਿਤਾ ਨੂੰ ਇਹ ਕਹਿ ਕੇ ਟ੍ਰੈਪ ਲਾਇਆ ਤਾਂ ਦੋਵੇਂ ਭੈਣਾਂ ਫੋਨ ’ਤੇ ਗੱਲ ਕਰਦੀਆਂ ਫੜੀਆਂ ਗਈਆਂ, ਜਿਸ ਤੋਂ ਬਾਅਦ ਮਿੱਠੂ ਨੇ ਆਪਣੇ ਪਿਤਾ ਨੂੰ ਕਹਿ ਕੇ ਦੋਵਾਂ ਭੈਣਾਂ ਨੂੰ ਗੋਲ਼ੀਆਂ ਮਰਵਾ ਦਿੱਤੀਆਂ ਸਨ। ਹਾਲਾਂਕਿ, ਮਿੱਠੂ ਦੇ ਪਿਤਾ ਨੂੰ ਪਾਕਿਸਤਾਨ ਦੇ ਗੁਜਰਾਂਵਾਲਾ ਦੀ ਪੁਲਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਪਾਕਿਸਤਾਨ ਦੀ ਪੁਲਸ ਨੇ ਇਸ ਮਾਮਲੇ ਵਿਚ ਮਿੱਠੂ ਨੂੰ ਵੀ ਨਾਮਜ਼ਦ ਕੀਤਾ ਸੀ।
Credit : www.jagbani.com