ਅੱਗ ਲੱਗਣ ਕਾਰਨ ਅਨਾਜ, ਸੋਨੇ-ਚਾਂਦੀ ਦੇ ਗਹਿਣੇ ਤੇ ਲੱਖਾਂ ਦੀ ਨਕਦੀ ਸੜ ਕੇ ਸੁਆਹ

ਅੱਗ ਲੱਗਣ ਕਾਰਨ ਅਨਾਜ, ਸੋਨੇ-ਚਾਂਦੀ ਦੇ ਗਹਿਣੇ ਤੇ ਲੱਖਾਂ ਦੀ ਨਕਦੀ ਸੜ ਕੇ ਸੁਆਹ

ਹਾਜੀਪੁਰ - ਤਲਵਾੜਾ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਚੰਗੜਵਾਂ ਨੇੜੇ ਬਿਆਸ ਦਰਿਆ ਦੇ ਕੰਢੇ ਵਸੇ ਪ੍ਰਵਾਸੀਆਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗਣ ਕਾਰਨ ਅਨਾਜ, ਸੋਨੇ-ਚਾਂਦੀ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਸੜ ਕੇ ਸੁਆਹ ਹੋਣ ਦੀ ਖਬਰ ਪ੍ਰਾਪਤ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਤਲਵਾੜਾ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਚੰਗੜਵਾਂ ਨੇੜੇ ਬਿਆਸ ਦਰਿਆ ਦੇ ਕੰਢੇ ਵਸੇ ਪ੍ਰਵਾਸੀ ਗਿਆਨ ਸਿੰਘ ਪੁੱਤਰ ਕ੍ਰਿਸ਼ਨ ਲਾਲ ਅਤੇ ਸੋਨੂੰ ਕੁਮਾਰ ਪੁੱਤਰ ਇੰਦਰਪਾਲ (ਯੂ.ਪੀ. ਨਿਵਾਸੀ, ਜੋ ਪਿਛਲੇ 15-16 ਸਾਲਾਂ ਤੋਂ ਇੱਥੇ ਰਹਿ ਰਹੇ ਹਨ) ਦੀਆਂ ਦੋ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਝੁੱਗੀਆਂ ਦੇ ਅੰਦਰ ਰੱਖਿਆ ਅਨਾਜ, ਸੋਨੇ-ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਅੱਗ ਦੀ ਭੇਟ ਚੜ੍ਹ ਗਈ।

ਪੀੜਤ ਲੋਕਾਂ ਨੇ ਆਪਣਾ ਸੜਿਆ ਹੋਇਆ ਸਾਮਾਨ ਅਤੇ ਨਕਦੀ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਕਈ ਸਾਲਾਂ ਦੀ ਸਖਤ ਮਿਹਨਤ ਨਾਲ ਪੂੰਜੀ ਇਕੱਠੀ ਕੀਤੀ ਸੀ, ਪਰ ਅੱਗ ਨੇ ਉਨ੍ਹਾਂ ਦਾ ਸਭ ਕੁਝ ਤਬਾਹ ਕਰ ਦਿੱਤਾ।

ਇਲਾਕੇ ਦੇ ਸੀਨੀਅਰ ਸਮਾਜ ਸੇਵਕ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਮਿਤ ਡਡਵਾਲ ਨੇ ਸਰਕਾਰ ਤੋਂ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਬਿਨਾਂ ਕਿਸੇ ਦੇਰੀ ਦੇ ਸਹਾਇਤਾ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜਿਹੜੀ ਕਰੰਸੀ ਅੱਗ ਨਾਲ ਖਰਾਬ ਹੋਈ ਹੈ, ਉਸ ਨੂੰ ਬੈਂਕ ਤੋਂ ਬਦਲਵਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਦੁਖੀ ਪਰਿਵਾਰਾਂ ਦੇ ਜ਼ਖਮਾਂ ’ਤੇ ਮੱਲ੍ਹਮ ਲੱਗ ਸਕੇ।

Credit : www.jagbani.com

  • TODAY TOP NEWS