ਜਲੰਧਰ- ਜਲੰਧਰ ਪੁਲਸ ਨੇ ਭਾਰਗੋ ਕੈਂਪ ਵਿਚ ਜਿਊਲਰੀ ਦੀ ਦੁਕਾਨ 'ਤੇ ਡਕੈਤੀ ਕਰਨ ਵਾਲੇ ਤਿੰਨ ਮੁਲਜ਼ਮ ਕੁਸ਼ਲ, ਗਗਨ ਅਤੇ ਕਰਨ ਨੂੰ ਅਜਮੇਰ ਤੋਂ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਮੁਲਜ਼ਮ ਮੁੰਬਈ ਭੱਜਣ ਦੀ ਯੋਜਨਾ ਬਣਾ ਰਹੇ ਸਨ। ਡਕੈਤੀ ਤੋਂ ਬਾਅਦ ਮੁਲਜ਼ਮਾਂ ਦੇ ਸ਼ਹਿਰ ਛੱਡ ਕੇ ਜਾਣ ਦੀ ਨਵੀਂ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ।

ਹਾਲਾਂਕਿ ਪੁਲਸ ਅਧਿਕਾਰੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਚੁੱਪੀ ਧਾਰੀ ਬੈਠੇ ਹਨ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਪਹਿਲਾਂ ਹੀ ਲੁੱਟੀ ਹੋਈ ਨਕਦੀ ਖ਼ਰਚ ਕਰ ਚੁੱਕੇ ਹਨ। ਸਾਰੇ ਪੈਸੇ ਖ਼ਰਚ ਕਰਨ ਤੋਂ ਬਾਅਦ ਪੁਲਸ ਨੂੰ ਮੁਲਜ਼ਮਾਂ ਬਾਰੇ ਜਾਣਕਾਰੀ ਇਕ ਦੁਕਾਨ 'ਤੇ ਗਹਿਣੇ ਵੇਚਦੇ ਹੋਏ ਮਿਲੀ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਟੀਮ ਅਜਮੇਰ ਭੇਜੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਹਿਰ ਛੱਡ ਕੇ ਜਾਂਦੇ ਵਿਖਾਈ ਦੇ ਰਹੇ ਹਨ। ਇਸ ਦੌਰਾਨ ਮੁਲਜ਼ਮ ਇਕ ਵੱਡਾ ਬੈਗ ਵੀ ਲੈ ਕੇ ਜਾ ਰਹੇ ਹਨ। ਤਿੰਨੋਂ ਆਪਸ ਵਿੱਚ ਗੱਲਾਂ ਕਰਦੇ ਵਿਖਾਈ ਦਿੱਤੇ ਅਤੇ ਤੁਰੰਤ ਭੱਜਣ ਦੀ ਯੋਜਨਾ ਬਣਾਉਂਦੇ ਵਿਖਾਈ ਦੇ ਰਹੇ ਹਨ। ਪੁਲਸ ਜਲਦੀ ਹੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ੀਆਂ ਦੀ ਗ੍ਰਿਫਤਾਰੀ ਬਾਰੇ ਵੇਰਵੇ ਸਾਂਝੇ ਕਰ ਸਕਦੀ ਹੈ।
ਦਰਅਸਲ ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੀਆਂ ਵਿਸ਼ੇਸ਼ ਟੀਮਾਂ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ। ਪੁਲਸ ਨੂੰ ਆਖਰਕਾਰ ਚਾਰ ਦਿਨ ਬਾਅਦ ਐਤਵਾਰ ਨੂੰ ਅਜਮੇਰ ਵਿੱਚ ਸਫ਼ਲਤਾ ਮਿਲੀ। ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਜਮੇਰ ਵੱਲ ਭੱਜ ਗਏ ਹਨ ਅਤੇ ਮੁੰਬਈ ਭੱਜਣ ਦੀ ਫਿਰਾਕ ਵਿਚ ਸਨ।
Credit : www.jagbani.com