ਸਪੋਰਟਸ ਡੈਸਕ- 2 ਨਵੰਬਰ 2025 ਦੀ ਸ਼ਾਮ ਨੂੰ ਨਵੀਂ ਮੁੰਬਈ ਦੇ ਮੈਦਾਨ 'ਤੇ ਖੇਡੇ ਗਏ ਮਹਿਲਾ ਵਨਡੇ ਵਿਸ਼ਵ ਕੱਪ ਫਾਈਨਲ (IND vs SA) ਦੌਰਾਨ, ਭਾਰਤੀ ਆਲਰਾਊਂਡਰ ਅਮਨਜੋਤ ਕੌਰ ਨੇ ਦੱਖਣੀ ਅਫ਼ਰੀਕਾ ਦੀ ਕਪਤਾਨ ਅਤੇ ਸਭ ਤੋਂ ਸ਼ਾਨਦਾਰ ਬੱਲੇਬਾਜ਼ ਲੌਰਾ ਵੁਲਫਾਰਟ ਦਾ ਇੱਕ ਅਹਿਮ ਕੈਚ ਲਿਆ, ਜਿਸ ਨੂੰ ਕ੍ਰਿਕਟ ਮਾਹਿਰਾਂ ਨੇ 'ਇਹ ਕੈਚ ਨਹੀਂ, ਵਰਲਡ ਕੱਪ ਸੀ' ਕਿਹਾ।
ਵੁਲਫਾਰਟ ਨੇ ਫਾਈਨਲ ਵਿੱਚ ਵੀ ਸੈਂਕੜਾ (101 ਦੌੜਾਂ) ਜੜ੍ਹ ਦਿੱਤਾ ਸੀ ਅਤੇ ਉਹ ਭਾਰਤ ਦੇ ਹੱਥੋਂ ਖਿਤਾਬ ਖੋਹਣ ਵਾਲੀ ਸੀ। ਇਹ ਕੈਚ ਦੱਖਣੀ ਅਫ਼ਰੀਕਾ ਦੀ ਪਾਰੀ ਦੇ 42ਵੇਂ ਓਵਰ ਵਿੱਚ ਬਣਿਆ ਜਦੋਂ ਵੁਲਫਾਰਟ ਨੇ ਦੀਪਤੀ ਸ਼ਰਮਾ ਦੀ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ। ਅਮਨਜੋਤ ਕੌਰ ਨੇ ਦੌੜਦਿਆਂ ਅਤੇ ਗੇਂਦ ਨੂੰ ਦੋ ਵਾਰ ਹੱਥੋਂ ਛੁੱਟਣ ਦੇ ਬਾਵਜੂਦ, ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਉਸ ਨੂੰ ਲਪਕ ਲਿਆ।
ਇਸ ਕੈਚ ਨਾਲ ਜਿੱਥੇ 101 ਦੌੜਾਂ ਬਣਾ ਕੇ ਖੇਡ ਰਹੀ ਲੌਰਾ ਵੁਲਫਾਰਟ ਦੀ ਪਾਰੀ ਦਾ ਅੰਤ ਹੋਇਆ, ਉੱਥੇ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਵਨਡੇ ਵਰਲਡ ਕੱਪ ਜਿੱਤਣ ਦੇ ਇੰਤਜ਼ਾਰ ਦੇ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ। ਅਮਨਜੋਤ ਦਾ ਇਹ ਕੈਚ 1983 ਦੇ ਪੁਰਸ਼ ਵਨਡੇ ਵਰਲਡ ਕੱਪ ਵਿੱਚ ਕਪਿਲ ਦੇਵ ਦੁਆਰਾ ਲਏ ਗਏ ਕੈਚ ਅਤੇ 2024 ਦੇ ਪੁਰਸ਼ ਟੀ-20 ਵਰਲਡ ਕੱਪ ਵਿੱਚ ਸੂਰਿਆਕੁਮਾਰ ਯਾਦਵ ਦੁਆਰਾ ਲਏ ਗਏ ਕੈਚ ਦੇ ਸਮਾਨ ਮਹੱਤਵਪੂਰਨ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ।
Credit : www.jagbani.com