ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਾਮੀ ਅਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਜਿੱਤ ਸਿਰਫ਼ ਧਾਮੀ ਦੀ ਨਹੀਂ, ਸਗੋਂ ਸਮੁੱਚੇ ਖਾਲਸਾ ਪੰਥ ਦੀ ਇਤਿਹਾਸਕ ਜਿੱਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਦੇ ਬੰਦਿਆਂ ਨੇ ਪੂਰੀ ਤਾਕਤ ਲਗਾਈ ਕਿ ਕਿਸੇ ਤਰ੍ਹਾਂ ਖਾਲਸਾ ਪੰਥ ਦੀ “ਸੂਪਰ ਪਾਰਲੀਮੈਂਟ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕੀਤਾ ਜਾਵੇ ਪਰ ਪੰਥਕ ਜੱਥੇਬੰਦੀਆਂ ਅਤੇ ਮੈਂਬਰਾਂ ਨੇ ਡੱਟ ਕੇ ਇਸ ਸਾਜ਼ਿਸ਼ ਦਾ ਮੁਕਾਬਲਾ ਕੀਤਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਏਜੰਸੀ ਦੇ ਬੰਦਿਆਂ ਦਾ ਡੱਟ ਮੁਕਾਬਲਾ ਕੀਤਾ ਅਤੇ ਧਾਮੀ ਸਾਹਿਬ ਨੂੰ ਜਿਤਾਇਆ ਹੈ, ਉਹ ਵਧਾਈ ਦੇ ਪਾਤਰ ਹਨ। ਬਾਦਲ ਨੇ ਕਿਹਾ ਕਿ ਇਹ ਜਿੱਤ ਸਾਬਤ ਕਰਦੀ ਹੈ ਕਿ ਖਾਲਸਾ ਪੰਥ ਅਜੇ ਵੀ ਇਕਜੁੱਟ ਹੈ ਅਤੇ ਆਪਣੀਆਂ ਸੰਸਥਾਵਾਂ ਦੀ ਰੱਖਿਆ ਲਈ ਸਦਾ ਤਿਆਰ ਹੈ।
ਪੰਜਵੀਂ ਵਾਰ SGPC ਪ੍ਰਧਾਨ ਚੁਣੇ ਗਏ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿਚ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਮੁੜ ਪ੍ਰਧਾਨ ਚੁਣੇ ਗਏ ਹਨ। ਜਨਰਲ ਇਜਲਾਸ ਦੌਰਾਨ ਕੁੱਲ 136 ਵੋਟਾਂ ਪਈਆਂ ਜਿਸ ਵਿਚੋਂ ਧਾਮੀ ਨੂੰ 117 ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਉਮੀਦਵਾਰ ਮਿੱਠੂ ਸਿੰਘ ਕਾਹਣੇਕੇ ਨੂੰ 18 ਵੋਟਾਂ ਪਈਆਂ ਜਦੋਂਕਿ ਇਕ ਵੋਟ ਰੱਦ ਹੋ ਗਈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣੇ ਹਨ।
Credit : www.jagbani.com