ਜਲੰਧਰ- ਜਲੰਧਰ ਵਿਖੇ ਵਿਜੇ ਜਿਊਲਰ ਡਕੈਤੀ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਜਲੰਧਰ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਗੋ ਕੈਂਪ ਖੇਤਰ 'ਚ ਦਿਨ-ਦਿਹਾੜੇ ਵਿਜੇ ਜਿਊਲਰ ਸ਼ਾਪ 'ਤੇ ਹੋਈ ਲੁੱਟ ਦੇ ਮਾਮਲੇ 'ਚ ਸ਼ਾਮਲ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਕੁਸ਼ਲ, ਗਗਨ ਅਤੇ ਕਰਨ ਦੀ ਗ੍ਰਿਫ਼ਤਾਰੀ ਰਾਜਸਥਾਨ ਦੇ ਅਜਮੇਰ ਵਿਚੋਂ ਹੋਈ ਹੈ। ਉਨ੍ਹਾਂ ਕਿਹਾ ਕਿ ਏ. ਡੀ. ਸੀ. ਪੀ-II ਅਤੇ ਅਪਰਾਧ ਸ਼ਾਖਾ ਦੀ ਇਕ ਵਿਸ਼ੇਸ਼ ਟੀਮ ਵੱਲੋਂ ਕੀਤੀ ਗਈ ਇਕ ਤਾਲਮੇਲ ਵਾਲੀ ਛਾਪੇਮਾਰੀ ਦੇ ਮਗਰੋਂ ਗ੍ਰਿਫਤਾਰੀ ਹੋਈ ਹੈ। ਤਕਨੀਕੀ ਅਤੇ ਮਨੁੱਖੀ ਤਕਨੀਕੀ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਪੁਲਸ ਟੀਮਾਂ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਹੋਰ ਜਾਂਚ ਲਈ ਜਲੰਧਰ ਵਾਪਸ ਲਿਆ ਰਹੀ ਹੈ।

ਤਿੰਨਾਂ ਦਾ ਪਹਿਲਾਂ ਤੋਂ ਹੈ ਅਪਰਾਧਕ ਰਿਕਾਰਡ
ਪੁਲਸ ਕਮਿਸ਼ਨਰ ਕੌਰ ਨੇ ਕਿਹਾ ਕਿ ਗ੍ਰਿਫ਼ਤਾਰ ਤਿੰਨੋਂ ਮੁਲਜ਼ਮਾਂ ਦਾ ਪਹਿਲਾਂ ਤੋਂ ਅਪਰਾਧਿਕ ਰਿਕਾਰਡ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਰਾਮਦਗੀ ਅਜੇ ਵੀ ਜਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਸ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਕਰੇਗੀ ਜਿਨ੍ਹਾਂ ਨੇ ਮੁਲਜ਼ਮਾਂ ਨੂੰ ਪਨਾਹ ਜਾਂ ਮੁਲਜ਼ਮਾਂ ਦੀ ਮਦਦ ਕੀਤੀ ਹੈ। ਪੁਲਸ ਨੇ ਅਜੇ ਤੱਕ ਮੁਲਜ਼ਮਾਂ ਤੋਂ ਸੋਨਾ ਅਤੇ ਪਿਸਤੌਲ ਦੀ ਬਰਾਮਦਗੀ ਦਾ ਖ਼ੁਲਾਸਾ ਨਹੀਂ ਕੀਤਾ ਹੈ ਪਰ ਪੁਸ਼ਟੀ ਕੀਤੀ ਹੈ ਕਿ ਜਲਦੀ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਮੁਲਜ਼ਮਾਂ ਦੀ ਨਵੀਂ ਸੀ. ਸੀ. ਟੀ.ਵੀ. ਆਈ ਸਾਹਮਣੇ
ਜਲੰਧਰ ਪੁਲਸ ਨੇ ਭਾਰਗੋ ਕੈਂਪ ਵਿਚ ਜਿਊਲਰੀ ਦੀ ਦੁਕਾਨ 'ਤੇ ਡਕੈਤੀ ਕਰਨ ਵਾਲੇ ਤਿੰਨ ਮੁਲਜ਼ਮ ਕੁਸ਼ਲ, ਗਗਨ ਅਤੇ ਕਰਨ ਨੂੰ ਅਜਮੇਰ ਤੋਂ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਮੁਲਜ਼ਮ ਮੁੰਬਈ ਭੱਜਣ ਦੀ ਯੋਜਨਾ ਬਣਾ ਰਹੇ ਸਨ। ਡਕੈਤੀ ਤੋਂ ਬਾਅਦ ਮੁਲਜ਼ਮਾਂ ਦੇ ਸ਼ਹਿਰ ਛੱਡ ਕੇ ਜਾਣ ਦੀ ਨਵੀਂ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ।

ਹਾਲਾਂਕਿ ਪੁਲਸ ਅਧਿਕਾਰੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਚੁੱਪੀ ਧਾਰੀ ਬੈਠੇ ਹਨ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਪਹਿਲਾਂ ਹੀ ਲੁੱਟੀ ਹੋਈ ਨਕਦੀ ਖ਼ਰਚ ਕਰ ਚੁੱਕੇ ਹਨ। ਸਾਰੇ ਪੈਸੇ ਖ਼ਰਚ ਕਰਨ ਤੋਂ ਬਾਅਦ ਪੁਲਸ ਨੂੰ ਮੁਲਜ਼ਮਾਂ ਬਾਰੇ ਜਾਣਕਾਰੀ ਇਕ ਦੁਕਾਨ 'ਤੇ ਗਹਿਣੇ ਵੇਚਦੇ ਹੋਏ ਮਿਲੀ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਟੀਮ ਅਜਮੇਰ ਭੇਜੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।


ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਹਿਰ ਛੱਡ ਕੇ ਜਾਂਦੇ ਵਿਖਾਈ ਦੇ ਰਹੇ ਹਨ। ਇਸ ਦੌਰਾਨ ਮੁਲਜ਼ਮ ਇਕ ਵੱਡਾ ਬੈਗ ਵੀ ਲੈ ਕੇ ਜਾ ਰਹੇ ਹਨ। ਤਿੰਨੋਂ ਆਪਸ ਵਿੱਚ ਗੱਲਾਂ ਕਰਦੇ ਵਿਖਾਈ ਦਿੱਤੇ ਅਤੇ ਤੁਰੰਤ ਭੱਜਣ ਦੀ ਯੋਜਨਾ ਬਣਾਉਂਦੇ ਵਿਖਾਈ ਦੇ ਰਹੇ ਹਨ। ਪੁਲਸ ਜਲਦੀ ਹੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ੀਆਂ ਦੀ ਗ੍ਰਿਫਤਾਰੀ ਬਾਰੇ ਵੇਰਵੇ ਸਾਂਝੇ ਕਰ ਸਕਦੀ ਹੈ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Credit : www.jagbani.com