ਬਰਨਾਲਾ– ਬਰਨਾਲਾ ਪੁਲਸ ਨੇ ਪਿੰਡ ਸੇਖਾਂ ਵਿੱਚ ਹੋਏ ਤਿਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਂਦੇ ਹੋਏ ਪਿੰਡ ਦੇ ਹੀ ਇਕ ਵਿਅਕਤੀ ਕੁਲਵੰਤ ਸਿੰਘ ਕਾਂਤੀ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਦਰਿੰਦਗੀ ਭਰੇ ਕਤਲ ਪਿੱਛੇ ਲਾਲਚ ਅਤੇ ਵਿਸ਼ਵਾਸਘਾਤ ਲੁਕਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਈ ਥਾਈਂ ਪੈ ਗਏ ਗੜੇ! ਸ਼ਾਮ ਵੇਲੇ ਅਚਾਨਕ ਬਦਲ ਗਿਆ ਮੌਸਮ, ਪੈ ਰਿਹਾ ਮੀਂਹ
ਉਨ੍ਹਾਂ ਕਿਹਾ ਕਿ 26 ਅਕਤੂਬਰ 2025 ਨੂੰ ਪਿੰਡ ਸੇਖਾ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਕਿਰਨਜੀਤ ਕੌਰ (45 ਸਾਲ) ਪਤਨੀ ਸਤਪਾਲ ਸਿੰਘ, ਸੁਖਚੈਨਪ੍ਰੀਤ ਕੌਰ (25 ਸਾਲ) ਪੁੱਤਰੀ ਸਤਪਾਲ ਸਿੰਘ ਅਤੇ ਹਰਮਨਜੀਤ ਸਿੰਘ (22 ਸਾਲ) ਪੁੱਤਰ ਸਤਪਾਲ ਸਿੰਘ — ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਥਾਣਾ ਸਦਰ ਬਰਨਾਲਾ ਵਿਚ ਦਰਜ ਕਰਵਾਈ ਗਈ ਸੀ। ਮਨੁੱਖੀ ਅਤੇ ਤਕਨੀਕੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਕੁਲਵੰਤ ਸਿੰਘ ਕਾਂਤੀ ਦੀ ਇਸ ਮਾਮਲੇ ਵਿਚ ਸ਼ੱਕੀ ਭੂਮਿਕਾ ਹੈ।
ਡੀ.ਐੱਸ.ਪੀ. ਸਤਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਇੰਸਪੈਕਟਰ ਜਗਜੀਤ ਸਿੰਘ ਦੀ ਟੀਮ ਨੇ ਵਿਸਥਾਰ ਨਾਲ ਜਾਂਚ ਕਰਕੇ ਦੋਸ਼ੀ ਵਿਰੁੱਧ ਐੱਫ.ਆਈ.ਆਰ. ਨੰਬਰ 181 ਮਿਤੀ 04.11.2025 ਧਾਰਾ 140(1), 127(2) ਬੀ.ਐੱਨ.ਐੱਸ. ਅਧੀਨ ਥਾਣਾ ਸਦਰ ਬਰਨਾਲਾ ‘ਚ ਮੁਕੱਦਮਾ ਦਰਜ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਮਾਤਾ ਨੈਣਾ ਦੇਵੀ ਯਾਤਰਾ ਦੇ ਬਹਾਨੇ ਕੀਤੀ ਵਾਰਦਾਤ
ਤਫ਼ਤੀਸ਼ ਦੌਰਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਕਿਰਨਜੀਤ ਕੌਰ ਨਾਲ ਲੰਮੇ ਸਮੇਂ ਤੋਂ ਦੋਸਤਾਨਾ ਸਬੰਧ ਸਨ। ਕਿਰਨਜੀਤ ਕੌਰ ਨੇ ਆਪਣੀ ਜ਼ਮੀਨ ਵੇਚ ਕੇ ਲਗਭਗ 20 ਲੱਖ ਰੁਪਏ ਹਾਸਲ ਕੀਤੇ ਸਨ, ਜਿਨ੍ਹਾਂ ਦੀ ਹੇਰਾਫੇਰੀ ਕੁਲਵੰਤ ਸਿੰਘ ਨੇ ਕਰ ਲਈ ਸੀ। ਜਦੋਂ ਕਿਰਨਜੀਤ ਕੌਰ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਦੋਸ਼ੀ ਨੇ ਸਾਰਾ ਪਰਿਵਾਰ ਹੀ ਖ਼ਤਮ ਕਰਨ ਦੀ ਸਾਜ਼ਿਸ਼ ਰਚੀ। 26 ਅਕਤੂਬਰ ਦੀ ਰਾਤ ਉਹ ਮਾਤਾ ਨੈਣਾ ਦੇਵੀ ਦੀ ਯਾਤਰਾ ਦਾ ਬਹਾਨਾ ਬਣਾ ਕੇ ਪੂਰਾ ਪਰਿਵਾਰ ਆਪਣੇ ਨਾਲ ਲੈ ਗਿਆ। ਵਾਪਸੀ ਦੌਰਾਨ ਪਟਿਆਲਾ ਨੇੜੇ ਭਾਖੜਾ ਨਹਿਰ ‘ਤੇ ਨਾਰੀਅਲ ਅਤੇ ਨਿਆਜ (ਮਿੱਠੇ ਚੌਲ) ਚੜ੍ਹਾਉਣ ਦਾ ਝਾਂਸਾ ਦੇ ਕੇ ਪਹਿਲਾਂ ਕਿਰਨਜੀਤ ਕੌਰ ਅਤੇ ਸੁਖਚੈਨਪ੍ਰੀਤ ਕੌਰ ਨੂੰ ਨਹਿਰ ਵਿਚ ਧੱਕ ਦਿੱਤਾ। ਫਿਰ ਉਸ ਨੇ ਕਾਰ ਵਿਚ ਬੈਠੇ ਹਰਮਨਜੀਤ ਸਿੰਘ ਨੂੰ ਝੂਠ ਬੋਲਿਆ ਕਿ ਮਾਂ ਤੇ ਭੈਣ ਪੈਰ ਫਿਸਲਣ ਕਾਰਨ ਨਹਿਰ ਵਿੱਚ ਡਿੱਗ ਗਏ ਹਨ। ਜਦੋਂ ਹਰਮਨਜੀਤ ਸਿੰਘ ਉਨ੍ਹਾਂ ਨੂੰ ਵੇਖਣ ਨਹਿਰ ਕੰਢੇ ਗਿਆ ਤਾਂ ਉਸ ਨੂੰ ਵੀ ਧੱਕਾ ਦੇ ਕੇ ਨਹਿਰ ਵਿਚ ਸੁੱਟ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਐਕਸ਼ਨ! ਨੌਕਰੀ ਤੋਂ Dismiss ਕੀਤੇ ਗਏ ਮੁਲਾਜ਼ਮ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ
ਲਾਸ਼ਾਂ ਦੀ ਬਰਾਮਦੀ ਤੇ ਜਾਂਚ
ਪੁਲਸ ਮੁਖੀ ਨੇ ਦੱਸਿਆ ਕਿ ਕਿਰਨਜੀਤ ਕੌਰ ਅਤੇ ਸੁਖਚੈਨਪ੍ਰੀਤ ਕੌਰ ਦੀਆਂ ਲਾਸ਼ਾਂ ਸਿਰਸਾ ਵਿਖੇ ਮਿਲ ਗਈਆਂ ਹਨ, ਜਦਕਿ ਹਰਮਨਜੀਤ ਸਿੰਘ ਦੀ ਲਾਸ਼ ਦੀ ਖੋਜ ਜਾਰੀ ਹੈ। ਦੋਸ਼ੀ ਕੁਲਵੰਤ ਸਿੰਘ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਮਾਮਲੇ ਦੀ ਹੋਰ ਡੂੰਘੀ ਜਾਂਚ ਕੀਤੀ ਜਾ ਸਕੇ। ਇਸ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ.(ਡੀ) ਅਸ਼ੋਕ ਸ਼ਰਮਾ, ਐੱਸ.ਪੀ.ਐੱਚ. ਸੋਹਨ ਲਾਲ ਸੋਨੀ, ਡੀ.ਐੱਸ.ਪੀ. ਸਤਵੀਰ ਸਿੰਘ ਬੈਂਸ ਅਤੇ ਇੰਸਪੈਕਟਰ ਜਗਜੀਤ ਸਿੰਘ ਹਾਜ਼ਰ ਸਨ। ਪੁਲਸ ਦਾ ਕਹਿਣਾ ਹੈ ਕਿ ਇਹ ਕਤਲ ਕੇਵਲ ਧਨ ਦੀ ਲਾਲਚ ਕਾਰਨ ਹੋਏ ਹਨ ਅਤੇ ਜਾਂਚ ਪੂਰੀ ਹੋਣ ‘ਤੇ ਹੋਰ ਖੁਲਾਸੇ ਹੋ ਸਕਦੇ ਹਨ।
Credit : www.jagbani.com